ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਫੌਗਿੰਗ ਤੇ ਮੱਛਰ ਮਾਰਨ ਵਾਲੀ ਦਵਾਈ ਦਾ ਕੀਤਾ ਜਾ ਰਿਹਾ ਹੈ ਛਿੜਕਾਅ
ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਦਮਾਂ ਦੀ ਕੀਤੀ ਸਰਾਹਨਾ
ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਤ ਖੇਤਰ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ ਹਨ। ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਦੇ ਪਿੰਡਾਂ ਵਿੱਚ ਜਿਥੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਓਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਵਿਸ਼ੇਸ਼ ਤੌਰ ’ਤੇ ਫਾਗਿੰਗ ਕਰਨ ਦੇ ਨਾਲ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਦੀਆਂ ਇਨ੍ਹਾਂ ਟੀਮਾਂ ਵੱਲੋਂ ਅੱਜ ਪਿੰਡ ਜਗਤਪੁਰ ਕਲਾਂ, ਟਾਂਡਾ, ਰੰਧਾਵਾ ਕਲੋਨੀ, ਪੁਰਾਣਾ ਸ਼ਾਲਾ ਸਮੇਤ ਇਲਾਕੇ ਦੇ ਹੋਰ ਪਿੰਡਾਂ ਦੀਆਂ ਗਲੀਆਂ ਅਤੇ ਘਰਾਂ ਵਿੱਚ ਫੋਗਿੰਗ ਕੀਤੀ ਗਈ। ਇਸਦੇ ਨਾਲ ਹੀ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ।
ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਮਾਣਯੋਗ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਜਿਥੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਓਥੇ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਤ ਪਿੰਡਾਂ ਵਿੱਚ ਫੋਗਿੰਗ ਅਤੇ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ ਤਾਂ ਜੋ ਡੇਂਗੂ ਅਤੇ ਮਲੇਰੀਆ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਇਹ ਮੁਹਿੰਮ ਹਾਲਾਤ ਆਮ ਵਾਂਗ ਹੋਣ ਤੱਕ ਜਾਰੀ ਰਹੇਗੀ।