ਪਰਿਵਾਰ ਤੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਸਬੰਧਤ ਪੁਲਿਸ ਅਧਿਕਾਰੀਆਂ ਅਤੇ ਨਸ਼ੇ ਦੇ ਤਸਕਰਾਂ ਤੇ ਕਾਰਵਾਈ ਕਰਵਾਉਣ ਲਈ ਡਟੇ
ਨਸ਼ੇ ਵਿਰੋਧੀ ਧਰਨਾ ਅੱਜ ਅੱਠਵੇਂ ਦਿਨ ਵਿੱਚ ਸ਼ਾਮਲ ਹੋਇਆ
ਮਾਨਸਾ, ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)–ਨਸ਼ੇ ਦੇ ਖਾਤਮੇ ਲਈ ਮਾਨਸਾ ਵਿਚੋਂ ਐਂਟੀ ਡਰੱਗ ਟਾਸਕ ਫੋਰਸ ਵਲੋਂ ਵਿਢਿਆ ਸੰਘਰਸ਼ ਹੁਣ ਕੌਮੀਂ ਪੱਧਰ ਦਾ ਬਣ ਗਿਆ ਹੈ ਅਤੇ ਕੱਲ ਸ਼ਹਿਰ ਦੇ ਵਾਰਡ ਨੰਬਰ ਨੌਂ ਵਿਚ ਨਸ਼ੇ ਨਾਲ ਗਰੀਬ ਪਰਿਵਾਰ ਦੇ ਇਕ ਨੌਜਵਾਨ ਦੀ ਨਸ਼ੇ ਦੀ ਉਵਰ ਡੋਜ਼ ਨਾਲ ਮੌਤ ਹੋ ਜਾਣ ਕਾਰਨ ਇਹ ਸੰਘਰਸ਼ ਹੋਰ ਭੱਖ ਗਿਆ ਹੈ। ਨਸ਼ਾ ਤਸਕਰਾਂ ਅਤੇ ਸਥਾਨਕ ਡੀਐਸਪੀ ਤੇ ਐਸਐਚਓ ਖ਼ਿਲਾਫ਼ ਕੇਸ ਦਰਜ ਕਰਨ ਅਤੇ ਪੀੜਤ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਮੰਨੇ ਜਾਣ ਤੱਕ ਮ੍ਰਿਤਕ ਨੌਜਵਾਨ ਦਾ ਅੰਤਮ ਸੰਸਕਾਰ ਨਾ ਕਰਨ ਦਾ ਫੈਸਲਾ ਕਰਕੇ ਮਿਰਤਕ ਦੇ ਪਰਿਵਾਰਕ ਮੈਂਬਰ ਵੀ ਧਰਨੇ ‘ਤੇ ਬੈਠੇ ਗਏ ਹਨ।
ਅੱਜ ਅੰਮ੍ਰਿਤਸਰ ਵਿਖੇ ਲਗਾਤਾਰ ਨਸ਼ਾ ਤਸਕਰਾਂ ਨਾਲ ਟੱਕਰ ਲੈਣ ਰਹੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਸਰਬਜੀਤ ਸਿੰਘ ਹੈਰੀ ਅਤੇ ਉਨ੍ਹਾਂ ਦੇ ਸਾਥੀਆਂ ਵਿਸ਼ੇਸ਼ ਤੌਰ ਤੇ ਧਰਨੇ ਵਿਚ ਸ਼ਾਮਲ ਹੋਏ। ਉਨਾਂ ਅਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸ਼ਹਿਰ ਤੇ ਜ਼ਿਲ੍ਹੇ ਵਿਚ ਨਸ਼ਿਆਂ ਪੱਖੋਂ ਹਾਲਤ ਬਹੁਤ ਹੀ ਗੰਭੀਰ ਹੈ, ਪਰ ਹਾਲੇ ਇਸ ਮੁੱਦੇ ‘ਤੇ ਉਥੇ ਮਾਨਸਾ ਵਾਂਗ ਵੱਡਾ ਜਨਤਕ ਸੰਘਰਸ਼ ਖੜਾ ਨਹੀਂ ਹੋ ਸਕਿਆ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਕੌਮੀ ਆਗੂ ਕਾਮਰੇਡ ਜਸਬੀਰ ਕੌਰ ਨੱਤ, ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਆਇਰਲਾ) ਦੇ ਕਾਮਰੇਡ ਗੁਰਸੇਵਕ ਮਾਨਬੀਬੀਆਂ, ਬੀਕੇਯੂ ਡਕੌਂਦਾ ਦੇ ਹਰਬੰਸ ਸਿੰਘ ਟਾਂਡੀਆਂ, ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਸੂਬਾ ਪ੍ਰਧਾਨ ਡਾ਼ ਧੰਨਾ ਮੱਲ ਗੋਇਲ, ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਬਾਬਾ ਬੂਝਾ ਸਿੰਘ ਯਾਦਗਾਰ ਟਰਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ, ਸਮਾਜ ਸੇਵੀ ਲੱਖਾ ਸਿਧਾਣਾ, ਡੀਟੀਐੱਫ ਦੀ ਆਗੂ ਡਾ਼ ਗੁਰਪ੍ਰੀਤ ਕੌਰ, ਬੀਕੇਯੂ (ਡਕੌਂਦਾ) ਧਨੇਰ ਗਰੁੱਪ ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ, ਸੀਪੀਆਈ ਰਤਨ ਭੋਲਾ, ਪੰਜਾਬ ਕਿਸਾਨ ਯੂਨੀਅਨ (ਇਸਤਰੀ ਵਿੰਗ) ਦੀ ਆਗੂ ਨਰਿੰਦਰ ਕੌਰ ਬੁਰਜ਼ ਹਮੀਰਾ, ਡਾ਼ ਸੀਰਾ ਜੋਗਾ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਸੀ ਪੀ ਐੱਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਵਰਨਜੀਤ ਦਲਿਉ, ਬੀਕੇਯੂ (ਲੱਖੋਵਾਲ) ਦੇ ਸੂਬਾ ਆਗੂ ਨਿਰਮਲ ਸਿੰਘ ਝੰਡੂਕੇ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਫਫੜੇ, ਬੀਕੇਯੂ (ਕਾਦੀਆਂ) ਦੇ ਪਰਮਜੀਤ ਸਿੰਘ ਗਾਗੋਵਾਲ, ਬੀਕੇਯੂ ਆਗੂ ਬਲਜਿੰਦਰ ਸਿੰਘ ਖਿਆਲੀ ਚਹਿਲਵਾਲੀ , ਇੰਦਰਜੀਤ ਸਿੰਘ ਮੁਨਸ਼ੀ, ਬੀ ਕੇ ਯੂ (ਮਾਨਸਾ) ਦੇ ਉੱਗਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਮਾਨਸਾ ਦੇ ਪੁਲਿਸ ਪ੍ਰਸ਼ਾਸਨ ਨੂੰ ਪਿਛਲੇ ਸਮੇਂ ਵਿੱਚ ਨਸ਼ੇ ਦੇ ਤਸਕਰਾਂ ਅਤੇ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁਝ ਮੈਡੀਕਲ ਸਟੋਰਾਂ ਵਲੋਂ ਨਸ਼ੇ ਸ਼ਰੇਆਮ ਵੇਚੇ ਜਾ ਰਹੇ ਹਨ, ਪਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਇਸ ਮੁੱਦੇ ਨੂੰ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਦਾ ਨਤੀਜਾ ਜ਼ਿਲੇ ਵਿਚ ਨਸ਼ੇ ਨਾਲ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵਲੋਂ ਮੰਗ ਕੀਤੀ ਹੈ ਕਿ ਮਿਰਤਕ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਸ ਲੱਖ ਰੁਪਏ ਦਿੱਤੇ ਜਾਣ , ਕਿਉਕਿ ਮਾਨਸਾ ਦਾ ਡੀ ਐੱਸ ਪੀ ਸੰਜੀਵ ਗੋਇਲ ਲਗਾਤਾਰ ਨਸ਼ਾ ਤਸਕਰਾਂ ਦੀ ਮੱਦਦ ਕਰਦਾ ਆ ਰਿਹਾ ਹੈ, ਇਸ ਲਈ ਪਰਚੇ ਵਿੱਚ ਨਸ਼ਾ ਤਸਕਰਾਂ ਦੇ ਨਾਲ ਇਸ ਡੀ ਐੱਸ ਪੀ ਅਤੇ ਸਬੰਧਤ ਐਸਐਚਓ ਨੂੰ ਵੀ ਸ਼ਾਮਿਲ ਕੀਤਾ ਜਾਵੇ। ਧਰਨੇ ਦਾ ਸਟੇਜ ਸੰਚਾਲਨ ਗਗਨ ਮਾਨਸਾ ਨੇ ਕੀਤਾ। ਧਰਨੇ ਨੂੰ ਐਂਟੀ ਡਰੱਗ ਟਾਸਕ ਫੋਰਸ ਦੇ ਅਮਨ ਪਟਵਾਰੀ, ਸੁੱਖੀ ਮਾਨ , ਸੰਦੀਪ ਮਾਨਸਾ, ਸੁਰਿੰਦਰਪਾਲ, ਬਲਜਿੰਦਰ ਭੱਖੜਾ, ਜਗਮੋਹਨ , ਕਾਲੀ, ਬਬਲੂ ਮਾਨਸ਼ਾਹੀਆ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


