ਨਸ਼ਾ ਵਿਕਰੀ ਘਟੀ ਜਰੂਰ ਹੈ ਪਰ ਅਜੇ ਪੂਰੀ ਤਰ੍ਹਾਂ ਰੁਕੀ ਨਹੀਂ ,ਸੰਘਰਸ਼ ਇਵੇਂ ਹੀ ਰਹੇਗਾ ਜਾਰੀ : ਕਾਮਰੇਡ ਰਾਣਾ
ਪੁਲਸ ਵੱਲੋਂ ਫੜੇ ਗਏ ਦੋਸ਼ੀਆਂ ਖਿ਼ਲਾਫ਼ ਕੀਤੀ ਜਾਂਦੀ ਢਿੱਲੀ ਕਾਰਵਾਈ ਵੀ ਸਮਗਲਰਾਂ ਦੇ ਹੌਸਲੇ ਵਧਾਉਂਦੀ-ਕਾਮਰੇਡ ਰਾਜਵਿੰਦਰ ਰਾਣਾ
ਮਾਨਸਾ, ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)-– ਮਨਸਾ ਵਿਖੇ ਨਸ਼ਾ ਮੁਕਤੀ ਲਈ ਚੱਲ ਰਹੇ ਪੱਕੇ ਮੋਰਚੇ ਚ ਅੱਜ ਵੱਖ ਵੱਖ ਆਗੂਆਂ ਨੇ ਆਪਣੀਆਂ ਤਕਰੀਰਾਂ ਕੀਤੀਆਂ।ਬੁਲਾਰਿਆਂ ਨੇ ਕਿਹਾ ਕਿ ਸਮਗਲਰਾਂ ਦਾ ਕੋਈ ਧਰਮ ਜਾਂ ਦੀਨ ਇਮਾਨ ਨਹੀਂ ਹੁੰਦਾ।ਉਨ੍ਹਾਂ ਨੂੰ ਸਿਰਫ ਨਸ਼ੇੜੀ ਗਾਹਕ ਚਾਹੀਦਾ ਹੁੰਦਾ ਹੈ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ।ਸਮਗਲਰ ਕਦੇ ਵੀ ਨਹੀਂ ਸੋਚਦੇ ਕਿ ਉਹ ਕਿਸ ਧਰਮ , ਕਿਸ ਜਾਤ ਜਾਂ ਕਿਸ ਉਮਰ ਦੇ ਵਿਆਕਤੀ ਨੂੰ ਬਰਬਾਦ ਕਰ ਰਹੇ ਹਨ।ਇਸ ਲਈ ਨਸ਼ਾ ਵਿਕਰੀ, ਨਸ਼ੇੜੀ ਅਤੇ ਨਸ਼ਾ ਵਿਕਰੀ ਲਈ ਮੱਦਦ ਕਰਨ ਵਾਲੇ ਲੋਕਾਂ ਨੂੰ ਧਰਮਾਂ ਅਤੇ ਜਾਤਾਂ ਦੇ ਰੂਪ ਵਿੱਚ ਨਹੀਂ ਵੇਖਣਾ ਚਾਹੀਦਾ। ਸਮਗਲਰ ਅਸਲ ਵਿੱਚ ਸਮਾਜ ਦੇ ਹੀ ਦੁਸ਼ਮਣ ਹੁੰਦੇ ਹਨ।ਜਿਹੜਾ ਪੈਸੇ ਦੀ ਖਾਤਰ ਅਣਭੋਲ ਬੱਚਿਆਂ , ਬਜੁਰਗ ਅਤੇ ਔਰਤਾਂ ਦਾ ਵੀ ਲਿਹਾਜ ਨਹੀਂ ਕਰਦਾ ਉਸਦੀ ਕਿਸੇ ਵੀ ਕਿਸਮ ਦੀ ਮੱਦਦ ਕਰਨਾ ਪਾਪ ਹੈ।
ਨਸ਼ਾ ਰੋਕੂ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਨਸ਼ਾਬੰਦੀ ਲਈ ਮਾਨਸਾ ਤੋਂ ਉੱਠੀ ਹਨੇਰੀ ਸੁੱਤੀ ਪਈ ਸਰਕਾਰ ਤੇ ਪੁਲਸ ਪ੍ਰਸਾਸ਼ਨ ਨੂੰ ਜਗਾਕੇ ਭਾਵੇਂ ਹਰ ਵਿਆਕਤੀ ਨੂੰ ਜਾਗਰੂਕ ਕਰ ਦਿੱਤਾ ਹੈ ਪਰ ਅਜੇ ਤੱਕ ਵੀ ਪੂਰਨ ਨਸ਼ਾ ਬੰਦੀ ਨਹੀਂ ਹੋ ਸਕਾ ।ਅੱਜ ਵੀ ਮੈਡੀਕਲ ਨਸ਼ੇ ਅਤੇ ਚਿੱਟੇ ਦੀ ਲੁਕ ਛਿਪਕੇ ਵਿੱਕਰੀ ਜਾਰੀ ਹੈ।ਪੁਲਸ ਵੱਲੋਂ ਫੜੇ ਗਏ ਦੋਸ਼ੀਆਂ ਖਿ਼ਲਾਫ਼ ਕੀਤੀ ਜਾਂਦੀ ਢਿੱਲੀ ਕਾਰਵਾਈ ਵੀ ਸਮਗਲਰਾਂ ਦੇ ਹੌਸਲੇ ਵਧਾਉਂਦੀ ਹੈ। ਉਨ੍ਹਾਂ ਐਲਾਣ ਕੀਤਾ ਕਿ ਨਸ਼ਿਆਂ ਖਿਲਾਫ ਮਾਨਸਾ ਦੇ ਬਾਲ ਭਵਨ ਵਿਖੇ ਚੱਲ ਰਿਹਾ ਮੋਰਚਾ ਪੂਰਨ ਨਸ਼ਾ ਬੰਦੀ ਤੱਕ ਜਾਰੀ ਰਹੇਗਾ।ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਪਿਛਲੇ ਦਿਨੀ ਕੇਂਦਰਚ ਰਾਜ ਕਰਦੀ ਪਾਰਟੀ ਦੇ ਇਸ਼ਾਰੇ `ਤੇ ਮਾਨਸਾ ਵਿਖੇ ਚੱਲ ਰਹੀ ਨਸ਼ਾ ਬੰਦੀ ਮੁਹਿੰਮ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਦੀ ਨਿੰਦਾ ਕੀਤੀ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਕਾਮਰੇਡ ਰਾਣਾ ਨੇ ਕਿਹਾ ਕਿ ਇਹ ਸੰਘਰਸ਼ ਨਸਲਾਂ ਬਚਾਉਂਣ ਦੀ ਲੜਾਈ ਹੈ ਨਸਲਾਂ ਚਾਹੇ ਸਿੱਖ ਧਰਮ ਦੀਆਂ ਹੋਣ, ਚਾਹੇ ਹਿੰਦੂ ਤੇ ਚਾਹੇ ਕਿਸੇ ਹੋਰ ਧਰਮ ਦੀਆਂ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤੀ ਸੰਘਰਸ਼ ਨੂੰ ਧਾਰਮਿਕ ਰੰਗਤ ਦੇਣ ਵਾਲੇ ਲੋਕਾਂ ਤੋਂ ਸੁਚੇਤ ਰਿਹਾ ਜਾਵੇ।ਕਾਮਰੇਡ ਰਾਣਾਂ ਨੇ ਦੱਸਿਆ ਕਿ 15 ਅਕਤੂਬਰ ਨੂੰ ਦੁਪਹਿਰ 11 ਵਜੇ ਬਾਬਾ ਬੂਝਾ ਸਿੰਘ ਭਵਨ ਵਿਖੇ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਰੰਖੀ ਗਈ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਝੋਟਾ ,ਵਰਿੰਦਰ ਸ਼ਰਮਾ, ਕੁਲਵਿੰਦਰ ਕਾਲੀ , ਸੁੱਖੀ ਮਾਨ , ਪ੍ਰਦੀਪ ਖਾਲਸਾ ਨੇ ਵੀ ਸੰਬੋਧਨ ਕੀਤਾ।