ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਅਦਾਰਾ ਅਜੀਤ ਸਮੂਹ ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਦੁਆਰਾ ਤੱਲਬ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ ਦੀ ਬਦਲਾ ਲਊ ਕਾਰਵਾਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜੀਤ ਅਦਾਰੇ ਨੂੰ ਆਪਣੀ ਇਛਾ ਅਨੁਸਾਰ ਚਲਾਉਣ ਦੇ ਯਤਨਾਂ ਵਿੱਚ ਸੀ ਜੇਕਰ ਅਜੀਤ ਨੇ ਆਪਣੀ ਅਜਾਦ ਪਹੁੰਚ ਜਾਰੀ ਰੱਖੀ ਹੈ ਤਾਂ ਪਹਿਲਾਂ ਉਸਨੂੰ ਸਬਕ਼ ਸਿਖਾਉਣ ਲਈ ਸਰਕਾਰੀ ਇਸ਼ਤਿਹਾਰ ਦੇਣੇ ਬੰਦ ਕੀਤੇ ਗਏ ਪਰ ਅਜੀਤ ਨੇ ਜਦੋਂ ਸਰਕਾਰ ਦੇ ਨਾਦਰਸ਼ਾਹੀ ਕਦਮਾਂ ਦੀ ਪ੍ਰਵਾਹ ਨਹੀਂ ਕੀਤੀ ਤਾਂ ਡਾ ਹਮਦਰਦ ਨੂੰ ਸ਼ਹੀਦਾਂ ਦੀ ਜੰਗ ਏ ਸ਼ਹੀਦੀ ਯਾਦਗਾਰ ਦਾ ਚੇਅਰਮੈਨ ਹੋਣ ਦੇ ਨਾਤੇ ਪ੍ਰੇਸ਼ਾਨ ਕਰਨ ਦਾ ਰਸਤਾ ਅਪਣਾ ਲਿਆ ਗਿਆ।
ਬੱਖਤਪੁਰਾ ਨੇ ਕਿਹਾ ਕਿ ਮਾਨ ਸਰਕਾਰ ਘੁਮੰਡੀ ਅਤੇ ਤਾਨਾਸ਼ਾਹ ਬਣ ਗਈ ਹੈ ਅਤੇ ਆਪਣੇ ਹਰ ਵਿਰੋਧੀ ਨੂੰ ਦਬਾਉਣ ਦੇ ਰਾਹ ਪੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿ ਮੇਰੀ ਜਾਣਕਾਰੀ ਵਿੱਚ ਹੈ ਕਿ ਇਸ ਦਬਾਅ ਕਾਰਨ ਅਤੇ ਸਰਕਾਰੀ ਇਸ਼ਤਿਹਾਰ ਹਾਸਲ ਕਰਨ ਦੇ ਲਾਲਚ ਵਿੱਚ ਕਈ ਅਖਬਾਰਾਂ ਨੇ ਮਾਨ ਸਰਕਾਰ ਵਿਰੋਧੀ ਖਬਰਾਂ ਅਤੇ ਆਰਟੀਕਲ ਛਾਪਣ ਤੋਂ ਨਾਂ ਕਰ ਰੱਖੀ ਹੈ। ਉਨ੍ਹਾਂ ਕਿਹਾ ਅਜੀਤ ਅਦਾਰੇ ਨੂੰ ਦਬਾਉਣ ਲਈ ਇਹ ਪਹਿਲਾਂ ਹਮਲਾ ਨਹੀਂ, ਬਲਕਿ ਬੀਤੇ ਇਤਿਹਾਸ ਵਿਚ ਅਜ਼ੀਤ ਅਦਾਰਾ ਇਸ ਤਰ੍ਹਾਂ ਦੇ ਕਈ ਹਮਲਿਆਂ ਨੂੰ ਮਾਤ ਦੇ ਚੁਕਾ ਹੈ,ਮਾਨ ਸਰਕਾਰ ਨੂੰ ਵੀ ਹਰ ਹਾਲਤ ਵਿੱਚ ਮੂੰਹ ਦੀ ਖਾਣੀ ਪਏਗੀ।


