ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਜਮਹੂਰੀਅਤ ਆਲੀਸ਼ਾਨ ਇਮਾਰਤਾਂ ਦੀ ਮੁਥਾਜ ਨਹੀਂ ਹੁੰਦੀ , ਜਮਹੂਰੀਅਤ ਦਾ ਦੰਭ ਕਰਨ ਲਈ ਜ਼ਰੂਰ ਅਜਿਹੀਆਂ ਨੁਮਾਇਸ਼ਾਂ ਲਾਈਆਂ ਜਾਂਦੀਆਂ ਹਨ । ਜਮਹੂਰੀਅਤ ਇਮਾਰਤਾਂ ‘ਚ ਨਹੀਂ ਵਸਦੀ, ਜਮਹੂਰੀਅਤ ਸਮਾਜ ਅੰਦਰ ਵਿਤਕਰਿਆਂ ਤੇ ਨਾ-ਬਰਾਬਰੀ ਦੇ ਖਾਤਮੇ ਦੇ ਆਧਾਰ ‘ਤੇ ਉਸਰਦੀ ਹੈ ਤੇ ਲੋਕਾਂ ਦੇ ਆਪਣੀ ਜ਼ਿੰਦਗੀ ਨੂੰ ਵਿਉਂਤਣ ਦੇ ਹੱਕ ਪੁਗਾਉਣ ਨਾਲ ਪ੍ਰਵਾਨ ਚੜ੍ਹਦੀ ਹੈ। ਖੇਤਾਂ ਤੇ ਮਿੱਲਾਂ ‘ਚ ਮੁੜ੍ਹਕਾ ਵਹਾਉਂਦੇ ਲੋਕਾਂ ਵੱਲੋਂ ਸਿਰਜੀ ਜਮਹੂਰੀਅਤ ਦੇ ਚਿੰਨ੍ਹ ਹੋਰ ਹੁੰਦੇ ਹਨ, ਜਦਕਿ ਰਾਜਿਆਂ ਮਹਾਰਾਜਿਆਂ ਤੇ ਬਸਤੀਵਾਦੀ ਹਾਕਮਾਂ ਦੀ ਵਿਰਾਸਤ ਦੇ ਚਿੰਨ੍ਹ ਹੋਰ ਹੁੰਦੇ ਹਨ। ਲੋਕਾਂ ਦੀ ਜਮਹੂਰੀਅਤ ਦੇ ਚਿੰਨ੍ਹ ਜੋਕਾਂ ਦੇ ਰਾਜ ਨਾਲੋਂ ਮੂਲੋਂ ਹੀ ਜੁਦਾ ਹਨ।
ਇਹ ਪਾਰਲੀਮੈਂਟ ਲੋਕਾਂ ਦੀ ਨਹੀਂ ਹੈ। ਇਹ ਜੋਕਾਂ ਦੀ ਸੰਸਥਾ ਹੈ। ਜੋਕਾਂ ਦੀ ਪਾਰਲੀਮੈਂਟ ਦੀ ਪੁਰਾਣੀ ਇਮਾਰਤ ਦੀਆਂ ਨੀਂਹਾਂ ‘ਚ ਵੀ ਕਰੋੜਾਂ ਲੋਕਾਂ ਦੇ ਅਰਮਾਨ ਦਫ਼ਨ ਹਨ। ਨਵੀਂ ਇਮਾਰਤ ਵੀ ਓਸੇ ਵਿਰਾਸਤ ਨੂੰ ਅੱਗੇ ਤੋਰਨ ਜਾ ਰਹੀ ਹੈ। ਚਾਹੇ ਜਿੰਨੇ ਵੀ ਪਰਦੇ ਪਾਏ ਜਾਣ ਪਰ ਉਦਘਾਟਨ ਕੀਤੀ ਜਾਣ ਵਾਲੀ ਇਸ ਨਵੀਂ ਇਮਾਰਤ ਦੇ ਜਾਹੋ ਜਲੌਅ ਨੇ ਭਾਰਤੀ ਰਾਜ ਦੇ ਹੋਰ ਵਧੇਰੇ ਖੂੰਖਾਰ ਤੇ ਜਾਬਰ ਚਿਹਰੇ ਦੇ ਨਕਸ਼ ਉਘਾੜਨੋਂ ਨਹੀਂ ਬਚ ਸਕਣਾ। ਇਹ ਨਵੀਂ ਇਮਾਰਤ ਭਾਰਤੀ ਰਾਜ ਦੇ ਹੋਰ ਜ਼ਿਆਦਾ ਪਿਛਾਖੜੀ ਅਮਲਾਂ ਦੀਆਂ ਵਿਉਂਤਾਂ ਘੜਨ ਦੀ ਥਾਂ ਬਣਨੀ ਹੈ। ਨਵੀਂ ਇਮਾਰਤ ਭਾਰਤੀ ਰਾਜ ਦਾ ਤਿੱਖਾ ਫਾਸ਼ੀ ਮੁਹਾਂਦਰਾ ਘੜਨਾ ਚਾਹੁੰਦੇ ਮੋਦੀ ਦੇ ਨਾਪਾਕ ਮਨਸੂਬਿਆਂ ਦੀ ਪ੍ਰਤੀਕ ਵਜੋਂ ਦੇਖੀ ਜਾਣੀ ਚਾਹੀਦੀ ਹੈ।
ਉਦਘਾਟਨ ਨੂੰ ਲੈ ਕੇ ਹਾਕਮ ਜਮਾਤੀ ਪਾਰਟੀਆਂ ਦਾ ਭਾਜਪਾ ਨਾਲ ਰੱਟਾ ਤਾਂ ਰਾਸ਼ਟਰਪਤੀ ਵਾਲੇ ਬਹੁਤ ਛੋਟੇ ਨੁਕਤੇ ‘ਤੇ ਹੈ। ਇਹ ਤਾਂ ਆਪਸੀ ਸ਼ਰੀਕੇਬਾਜ਼ੀ ਦਾ ਮਸਲਾ ਹੈ। ਇਹ ਲੋਕਾਂ ਲਈ ਕੋਈ ਮੁੱਦਾ ਨਹੀਂ ਹੈ। ਲੋਕ ਤਾਂ ਜੋਕਾਂ ਦੀ ਇਸ ਇਮਾਰਤ ਦੇ ਜਸ਼ਨਾਂ ਤੋਂ ਉਵੇਂ ਜਿਵੇਂ ਹੀ ਪਾਸੇ ਹਨ ਜਿਵੇਂ ਉਹ ਇਸ “ਜਮਹੂਰੀਅਤ” ‘ਚ ਹਨ। ਬੱਸ ਹੁਣ ਲੋਕ ਨਵੀਂ ਥਾਂ ਹੁੰਦਾ ਪੁਰਾਣਾ ਤਮਾਸ਼ਾ ਦੇਖ ਲੈਣਗੇ। (ਪਾਵੇਲ ਕੁੱਸਾ )


