ਕੇਨ ਕਮਿਸ਼ਨਰ ਵੱਲੋਂ ਗੰਨੇ ਦੀ ਫ਼ਸਲ ਦੇ ਕੀਤੇ ਜਾ ਰਹੇ ਸਰਵੇਖਣ ਦਾ ਲਿਆ ਜਾਇਜ਼ਾ
ਗੁਰਦਾਸਪੁਰ, 27 ਜੂਨ (ਸਰਬਜੀਤ ਸਿੰਘ)– ਹਰ ਸਾਲ ਜੂਨ ਜੁਲਾਈ ਮਹੀਨੇ ਦੌਰਾਨ ਗੰਨੇ ਦੀ ਫ਼ਸਲ ਦਾ ਸਹਿਕਾਰੀ ਅਤੇ ਨਿੱਜੀ ਖੰਡ ਵਲੋਂ ਸਰਵੇਅ ਕੀਤਾ ਜਾਂਦਾ ਹੈ ਤਾਂ ਗੰਨੇ ਦੀ ਫ਼ਸਲ ਹੇਠ ਰਕਬੇ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਉਸ ਅਨੁਸਾਰ ਕਲੰਡਰ ਨਿਰਧਾਰਤ ਕੀਤਾ ਜਾ ਸਕੇ। ਇੰਡੀਅਨ ਸੁਕਰੋਜ਼ ਲਿਮਿਟਡ ਮੁਕੇਰੀਆਂ ਦੇ ਅਧਿਕਾਰਿਤ ਖੇਤਰ ਵਿਚ ਚੱਲ ਰਹੇ ਸਰਵੇਖਣ ਦੇ ਕੰਮ ਦਾ ਜਾਇਜ਼ਾ ਲੈਣ ਲਈ ਗੰਨਾ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਵਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਗੰਨੇ ਦੀ ਫ਼ਸਲ ਨਾਲ ਸੰਬੰਧਤ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ। ਇਸ ਟੀਮ ਵਿਚ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨਿਰਦੇਸ਼ਕ ਖੇਤਰੀ ਖੋਜ ਕੇਂਦਰ, ਡਾਕਟਰ ਸੰਜੇ ਸਿੰਘ ਵਾਈਸ ਪ੍ਰੈਜ਼ੀਡੈਂਟ ਖੰਡ ਮਿੱਲ,ਡਾਕਟਰ ਰਜਿੰਦਰ ਕੁਮਾਰ ਕੀਟ ਵਿਗਿਆਨੀ , ਡਾਕਟਰ ਜਸਨ ਜੀਤ ਕੌਰ , ਡਾਕਟਰ ਅਨੁਰਾਧਾ , ਡਾਕਟਰ ਮਿੱਤਰ ਮਾਨ ਸਿੰਘ ਖੇਤੀ ਵਿਕਾਸ ਅਧਿਕਾਰੀ (ਗੰਨਾ) ਅਤੇ ਹੋਰ ਅਧਿਕਾਰੀ ਸ਼ਾਮਿਲ ਸਨ।
ਪਿੰਡ ਭੈਣੀ ਪਸਵਾਲ ਵਿਚ ਗਲਬਾਤ ਕਰਦਿਆਂ ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਹਰ ਸਾਲ ਜੂਨ ਜੁਲਾਈ ਮਹੀਨੇ ਦੌਰਾਨ ਗੰਨੇ ਦੀ ਫ਼ਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਦਫਤਰ ਗੰਨਾ ਕਮਿਸ਼ਨਰ ਪੰਜਾਬ, ਖੇਤਰੀ ਖੋਜ ਕੇਂਦਰ ਕਪੂਰਥਲਾ ਅਤੇ ਖੰਡ ਮਿੱਲਾਂ ਵਲੋਂ ਸਾਂਝੇ ਤੌਰ ਤੇ ਗੰਨੇ ਦੀ ਫ਼ਸਲ ਦਾ ਸਰਵੇਖਣ ਕੀਤਾ ਜਾਂਦਾ ਹੈ ਤਾਂ ਜੋਂ ਸਮੇਂ ਸਿਰ ਗੰਨਾ ਕਾਸ਼ਤ ਕਾਰਾਂ ਨੂੰ ਸਹੀ ਤਕਨੀਕੀ ਅਗਵਾਈ ਦਿੱਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮੂਢੀ ਫਸਲ ਦੀ ਸੰਭਾਲ ਵੱਲ ਸਹੀ ਸਮੇਂ ਤੇ ਧਿਆਨ ਨਾਂ ਦੇਣ ਨਾਲ ਪੈਦਾਵਾਰ ਘਟਦੀ ਹੈ , ਜੋਂ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲਾਂ ਨੂੰ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਅਤਿ ਦੀ ਗਰਮੀ ਅਤੇ ਲੂਅ ਨੁੰ ਮੁੱਖ ਰੱਖਦਿਆਂ ਗੰਨੇ ਦੀ ਫ਼ਸਲ ਨੂੰ 10-15 ਦਿਨ ਦੇ ਵਕਫੇ ਤੇ ਪਾਣੀ ਦਿੰਦੇ ਰਹਿਣਾ ਚਾਹੀਦਾ ਤਾਂ ਜੋਂ ਪਾਣੀ ਦੀ ਘਾਟ ਨਾਲ ਗੰਨੇ ਦੀ ਫ਼ਸਲ ਪ੍ਰਭਾਵਤ ਨਾਂ ਹੋ ਸਕੇ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨੇ ਦੀ ਪੂਰੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਨਿੱਜੀ ਮਿੱਲਾਂ ਦੇ ਬਿਹਾਫ ਤੇ ਗੰਨਾ ਕਾਸ਼ਤ ਕਾਰਾਂ ਦੇ ਖਾਤਿਆਂ ਵਿਚ ਸਬਸਿਡੀ ਦੀ ਅਦਾਇਗੀ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਬਹੁਤ ਜਲਦ ਸਾਰੀ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੰਨੇ ਦੀ ਚੰਗੀ ਗੁਣਵੱਤਾ ਅਤੇ ਵਧੇਰੇ ਪੈਦਾਵਾਰ ਲੈਣ ਲਈ ਗੰਨੇ ਦੀ ਮੂਢੀ ਫਸਲ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਜੇਕਰ ਸ਼ੁਰੂਆਤੀ ਪੜਾਅ ਦੌਰਾਨ ਮੂਢੀ ਫ਼ਸਲ ਦੀ ਸਹੀ ਦੇਖਭਾਲ ਨਾਂ ਕੀਤੀ ਜਾਵੇ ਤਾਂ ਗੰਨੇ ਦੀ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਘਟਦੀ ਹੈ ਜਿਸ ਨਾਲ ਗੰਨਾਂ ਕਾਸ਼ਤਕਾਰ ਅਤੇ ਖੰਡ ਮਿੱਲ ਦੋਹਾਂ ਨੁੰ ਆਰਥਿਕ ਨੁਕਸਾਨ ਹੁੰਦਾ ਹੈ।
ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਵੱਖ ਵੱਖ ਮਿੱਲਾਂ ਦੇ ਅਧਿਕਾਰਤ ਖੇਤਰਾਂ ਵਿਚ ਕੀਤੇ ਗਏ ਸਰਵੇਖਣ ਦੌਰਾਨ ਪਾਇਆ ਕਿ ਗੰਨੇ ਦੀ ਫ਼ਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਜਿਸ ਮੂਢੀ ਫ਼ਸਲ ਦੀ ਦੇਖਭਾਲ ਸਹੀ ਨਹੀਂ ਹੋਈ ਉੱਥੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਦੇਖਣ ਨੁੰ ਮਿਲਿਆ ਹੈ
। ਉਨ੍ਹਾਂ ਦੱਸਿਆ ਕਿ ਗੰਨੇ ਦੀ ਬੀਜੜ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਅੱਜ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਕਿ ਗੰਨੇ ਦੀ ਫ਼ਸਲ ਖਾਸ ਕਰਕੇ ਮੂਢੀ ਫਸਲ ਉੱਪਰ ਅਗੇਤੀ ਫੋਟ ਦੇ ਗੜੂਏ ਦਾ ਹਮਲਾ ਹੋਇਆ ਹੈ ਪ੍ਰੰਤੂ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਕੀੜੇ ਦਾ ਹਮਲਾ ਆਰਥਿਕ ਨੁਕਸਾਨ ਦੇ ਪੱਧਰ ਤੋਂ ਹੇਠਾਂ ਹੀ ਹੈ।


