ਮੌਸਮ ਅਤੇ ਘੱਟ ਜਗ੍ਹਾ ਦੇ ਕਾਰਨ ਬਾਬਾ ਬਕਾਲਾ ਸਾਹਿਬ ਦੀ ਥਾਂ ਅਨਾਜ ਮੰਡੀ ਰਈਆ ਵਿਖੇ ਹੋਵੇਗੀ”ਜ਼ਮੀਨ ਬਚਾਓ ਰੈਲੀ” – ਭੋਜਰਾਜ

ਗੁਰਦਾਸਪੁਰ

ਗੁਰਦਾਸਪੁਰ, 10 ਅਗਸਤ(ਸਰਬਜੀਤ ਸਿੰਘ )– 16 ਅਗਸਤ ਨੂੰ ਅਨਾਜ ਮੰਡੀ ਰਈਆ ਵਿਖੇ ਹੋਣ ਵਾਲੀ “ਜਮੀਨ ਬਚਾਓ ਰੈਲੀ” ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਜੋਨ ਵਡਾਲਾ ਬਾਂਗਰ ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਵਡਾਲਾ ਬਾਂਗਰ ਵਿਖੇ ਅਤੇ ਜੋਨ ਛੋਟੇਪੁਰ ਦੀ ਮੀਟਿੰਗ ਪਿੰਡ ਛੋਟੇਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ 16 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਜਮੀਨ ਬਚਾਓ ਰੈਲੀ ਦੀ ਜਗ੍ਹਾ ਮੌਸਮ ਅਤੇ ਘੱਟ ਜਗ੍ਹਾ ਕਾਰਨ ਬਦਲ ਕੇ ਅਨਾਜ ਮੰਡੀ ਰਈਆ ਕਰ ਦਿੱਤੀ ਗਈ ਹੈ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਯੂਨੀਅਨ ਦੇ ਲੀਗਲ ਅਡਵਾਈਜ਼ਰ ਐਡਵੋਕੇਟ ਪ੍ਰਭਜੋਤ ਸਿੰਘ ਸਹਾਰੀ ਅਤੇ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਸੂਬੇ ਦੀ ਜਰਖੇਜ ਜਮੀਨ ਨੂੰ ਮੁਫਤ ਅਤੇ ਧੱਕੇ ਨਾਲ ਕਿਸਾਨਾਂ ਤੋਂ ਖੋਹਣ ਦੀ ਪਾਲਸੀ ਦਾ ਨਾਮ ਹੈ ਲੈਂਡ ਪੂਲਿੰਗ ਪਾਲਸੀ। ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਚਲਦਿਆਂ ਹੋਇਆਂ ਕਿਸਾਨਾਂ ਤੋਂ ਉਪਜਾਊ ਜਮੀਨਾਂ ਖੋਹ ਕੇ ਕੁਝ ਹਿੱਸਾ ਆਪਣੇ ਨਿੱਜੀ ਮੁਫਾਦਾਂ ਲਈ ਵਰਤਣਾ ਚਾਹੁੰਦੀ ਹੈ ਅਤੇ ਵੱਡਾ ਹਿੱਸਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ।ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਪੰਜਾਬ ਦੀ ਜਰਖੇਜ਼ ਜ਼ਮੀਨ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਪੰਜਾਬ ਦੀ ਜਮੀਨ ਬੇਸ਼ਕੀਮਤੀ ਹੈ। ਸੂਬੇ ਦੇ ਕਿਸਾਨ ਕਿਸੇ ਵੀ ਲਾਲਚ ਵਿੱਚ ਆ ਕੇ ਸਰਕਾਰ ਨੂੰ ਇਸ ਜਮੀਨ ਉੱਤੇ ਕਾਬਜ ਨਹੀਂ ਹੋਣ ਦੇਣਗੇ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਲੈਂਡ ਪੁਲਿੰਗ ਪਾਲਿਸੀ ਨੂੰ ਰੱਦ ਕਰੇ ਨਹੀਂ ਤਾਂ ਗੁੱਸੇ ਵਿੱਚ ਆਏ ਹੋਏ ਸੂਬੇ ਦੇ ਕਿਸਾਨ ਸੜਕਾਂ ਉੱਤੇ ਉਤਰ ਆਉਣਗੇ। ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਬੈਨਰ ਹੇਠ 16 ਅਗਸਤ ਨੂੰ ਅਨਾਜ ਮੰਡੀ ਰਈਆ ਵਿਖੇ ਹੋਣ ਵਾਲੀ “ਜਮੀਨ ਬਚਾਓ ਰੈਲੀ” ਵਿੱਚ ਮਾਝੇ ਅਤੇ ਦੋਆਬੇ ਦੇ ਕਿਸਾਨਾਂ ਦੀ ਭਾਰੀ ਇਕੱਤਰਤਾ ਹੋਵੇਗੀ, ਜੋ ਸੂਬਾ ਅਤੇ ਕੇਂਦਰ ਸਰਕਾਰ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ।

Leave a Reply

Your email address will not be published. Required fields are marked *