ਸਕੂਲੀ ਵਾਹਨਾਂ ਦੀ ਸੁਰੱਖਿਆ ਸਮੇਤ ਵੱਖ ਵੱਖ ਮੁੱਦਿਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ
ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)– ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਜਿਲਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਆਰ.ਟੀ.ਓ ਨਵਜੋਤ ਸ਼ਰਮਾ, ਅਦਿੱਤਿਆ ਸ਼ਰਮਾ, ਐਸ.ਡੀ.ਐਮ. ਡੇਰਾ ਬਾਬਾ ਨਾਨਕ , ਜਯੋਤਸਨਾ ਸਿੰਘ , ਐਸ.ਡੀ.ਐਮ. ਕਲਾਨੌਰ, ਕਸਤੂਰੀ ਲਾਲ ਡੀ,ਐਸ.ਪੀ., ਸੰਗਰਾਮ ਸਿੰਘ ਸਹਾਇਕ ਆਰ.ਟੀ.ਓ ਗੁਰਦਾਸਪੁਰ, ਸੁਨੀਲ ਜੋਸ਼ੀ ਚਾਇਲਡ ਪ੍ਰੋਟੈਕਸ਼ਨ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜਰ ਸਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਜਿਲੇ ਵਿੱਚ ਟਰੈਫਿਕ ਸਮੱਸਿਆਵਾਂ ਨੂੰ ਦੂਰ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਸਕੀਮ ਦੀ ਇੰਨਬਿਨ ਪਾਲਣਾ ਕੀਤੀ ਜਾਵੇ ਅਤੇ ਸਕੂਲਾਂ ਦੇ ਵਾਹਨਾਂ ਦੀ ਸਮੇਂ ਸਮੇਂ ਵਿਸ਼ੇਸ਼ ਚੈਕਿੰਗ ਵੀ ਕੀਤੀ ਜਾਵੇ। ਉਹਨਾਂ ਕਿਹਾ ਕਿ ਜਿਹੜੇ ਸਕੂਲ ਪ੍ਰਬੰਧਕ ਆਪਣੇ ਸਕੂਲਾਂ ਦੇ ਵਾਹਨਾਂ ਦੀ ਸੁਰੱਖਿਆ ਨੂੰ ਪਾਲਸੀ ਮੁਤਾਬਕ ਯਕੀਨੀ ਨਹੀਂ ਬਣਾਉਂਦੇ, ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਧੁੰਦ ਦੌਰਾਨ ਨਾਕਿਆ ‘ਤੇ ਵਾਹਨਾਂ ਨੂੰ ਰਿਫਲੈਕਟਰ ਲਗਾਏ ਜਾਣ ਅਤੇ ਗੰਨੇ ਵਾਲੀਆਂ ਟਰਾਲੀਆਂ ‘ਤੇ ਵੀ ਰਿਫਲੈਕਟਰ ਲਗਾਏ ਜਾਣ ਤਾ ਜੋ ਧੁੰਦ ਵਿੱਚ ਚਲਣ ਵਾਲੇ ਵਾਹਨ ਹਾਦਸਿਆਂ ਤੋ ਬੱਚ ਸਕਣ।
ਆਰ.ਟੀ.ਓ ਮੈਡਮ ਨਵਜੋਤ ਸ਼ਰਮਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਅੰਦਰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਮੇਂ ਸਮੇਂ ਤੇ ਸਕੂਲਾਂ ਦੇ ਵਾਹਨਾਂ ਦੀ ਵੀ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ।
ਮੀਟਿੰਗ ਦੌਰਾਨ ਜਿਲਾ ਰੋਡ ਸੇਫਟੀ ਕਮੇਟੀ ਦੇ ਮੈਂਬਰਾਂ ਵੱਲੋਂ ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਵਾਹਨਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਮਾਪਿਆਂ ਨੂੰ ਜਾਗਰੂਕ ਕਰਵਾਉਣ ਲਈ ਸੈਮੀਨਾਰ ਲਗਵਾਉਣ, ਅੰਡਰ ਏਜ ਡਰਾਈਵਿੰਗ ਨੂੰ ਰੋਕਣ ਲਈ ਵਿਸ਼ੇਸ਼ ਤੌਰ ‘ਤੇ ਕਦਮ ਚੁੱਕਣ ਲਈ ਕਿਹਾ ਗਿਆ।
ਇਸ ਦੌਰਾਨ ਸੜਕ ਹਾਦਸਿਆਂ ਨੂੰ ਰੋਕਣ ਅਤੇ ਬਲੈਕ ਸਪੋਟ ਨੂੰ ਖਤਮ ਕਰਨ ਸਬੰਧੀ, ਨਾਗਰਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ, ਈ-ਰਿਕਸਿਆਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਈ ਰਿਕਸ਼ਾ ਰਜਿਸਟਰੇਸ਼ਨ ਕਰਨ ਸਬੰਧੀ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਰਗੇ ਮੁੱਦਿਆਂ ਚਰਚਾ ਕੀਤੀ ਗਈ।
ਏ.ਐੱਸ.ਆਈ. ਅਮਨਦੀਪ ਸਿੰਘ ਨੇ ਦਸਿੱਆ ਕਿ ਵੱਖ-ਵੱਖ ਟਰੈਫਿਕ ਸਬੰਧੀ 1970 ਚਲਾਨ, ਅੰਡਰ ਏਜ ਦੇ 4 ਚਲਾਨ, ਡਰਿੰਕ ਐਡ ਡਰਾਇਵ 37 ਚਲਾਨ ਅਤੇ ਜੂਗਾੜੂ ਵਾਹਨਾਂ ਦੇ 04 ਚਲਾਨ ਗੁਰਦਾਸਪੁਰ ਸ਼ਹਿਰ ਵਿੱਚ ਕੀਤੇ ਗਏ ਹਨ ।


