ਮਾਨਸਾ, ਗੁਰਦਾਸਪੁਰ, 19 ਜੂਨ (ਸਰਬਜੀਤ ਸਿੰਘ)– ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵਲੋਂ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 22 ਜੂਨ ਨੂੰ ਸੂਬਾ ਪੱਧਰ ‘ਤੇ ਜੋ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਸ ਦਿਨ ਮਾਨਸਾ ਵਿਖੇ ਵੀ ਸ਼ਹਿਰ ਵਿੱਚ ਰੈਲੀ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਹੋਈ ਫਰੰਟ ਦੀ ਜ਼ਿਲਾ ਮਾਨਸਾ ਇਕਾਈ ਦੀ ਮੀਟਿੰਗ ਪਿੱਛੋਂ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਜ਼ਿਲਾ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ, ਸੀਪੀਆਈ ਦੇ ਜ਼ਿਲ੍ਹਾ ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਆਰ ਐਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਵਲੋਂ ਜਾਰੀ ਇਕ ਬਿਆਨ ਵਿੱਚ ਦਸਿਆ ਗਿਆ ਹੈ ਕਿ 22 ਜੂਨ ਨੂੰ ਸਵੇਰੇ 10 ਵਜੇ ਇੰਨਾਂ ਪਾਰਟੀਆਂ ਦੇ ਵਰਕਰ ਵੱਡੀ ਗਿਣਤੀ ਵਿੱਚ ਗੁਰਦੁਆਰਾ ਚੌਂਕ ਵਿਖੇ ਇੱਕਠੇ ਹੋ ਕੇ ਜਲਸਾ ਕਰਨ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿੱਚ ਮੋਦੀ ਸਰਕਾਰ ਖ਼ਿਲਾਫ਼ ਜੋਸ਼ੀਲਾ ਮੁਜ਼ਾਹਰਾ ਕਰਨਗੇ, ਜੋ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਤੱਕ ਪਹੁੰਚ ਕੇ ਸਮਾਪਤ ਹੋਵੇਗਾ।
ਬਿਆਨ ਵਿੱਚ ਦਸਿਆ ਗਿਆ ਹੈ ਕਿ ਇੰਨਾਂ ਰੋਸ ਪ੍ਰਦਰਸ਼ਨਾਂ ਰਾਹੀਂ ਕਮਿਉਨਿਸਟ ਪਾਰਟੀਆਂ ਖੇਤੀ ਤੇ ਪ੍ਰਚੂਨ ਖੇਤਰ ਨੂੰ ਤਬਾਹ ਕਰਨ ਵਾਲੇ ਵਪਾਰ ਸਮਝੌਤੇ ਨੂੰ ਰੱਦ ਕਰਨ, ਬੇਰੁਜ਼ਗਾਰੀ ਅਤੇ ਪੇਪਰ ਲੀਕ ਰਾਹੀਂ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਲਈ ਮੁੱਖ ਜ਼ਿੰਮੇਵਾਰ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਬਰਖਾਸਤ ਕਰਨ, ਸਾਰੀਆਂ ਖੇਤੀ ਜਿਣਸਾਂ ਦੀ ਐਮ ਐਸ ਪੀ ਉਤੇ ਖਰੀਦ ਦੀ ਗਾਰੰਟੀ ਕਰਨ, ਚਾਰ ਕਿਰਤ ਕੋਡਾਂ ਦੀ ਬਜਾਏ ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕਰਨ, ਕੇਂਦਰ ਸਰਕਾਰ ਵੱਲੋਂ ਸੂਬਿਆਂ ਦੀ ਖੁਦਮੁਖਤਾਰੀ ਦੇ ਕੀਤੇ ਜਾ ਰਹੇ ਘਾਣ ਨੂੰ ਬੰਦ ਕਰਨ, ਚੰਡੀਗੜ੍ਹ ਨੂੰ ਪੰਜਾਬ ਦਾ ਹਵਾਲੇ ਕੀਤੇ ਜਾਣ, ਸੂਬੇ ਦੇ
ਦਰਿਆਈ ਪਾਣੀਆਂ ਦੀ ਵੰਡ ਰੀਪੇਅਰੀਅਨ ਅਸੂਲ ਦੀ ਅਧਾਰ ‘ਤੇ ਕੀਤੇ ਜਾਣ। ਪੰਜਾਬੀ ਬੋਲੀ ਨੂੰ ਦੇਸ਼ ਵਿੱਚ ਬਣਦਾ ਸਥਾਨ ਦਿੱਤੇ ਜਾਣ, ਪੰਜਾਬ ਦੇ ਡੈਮਾਂ ਤੇ ਹੈੱਡਵਰਕਸਾਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਘੱਟੋ ਘੱਟ ਉਜਰਤ 26 ਹਜਾਰ ਰੁਪਏ ਪ੍ਰਤੀ ਮਹੀਨਾ ਅਤੇ ਕੰਮ ਦਿਹਾੜੀ ਕਾਨੂੰਨਨ 8 ਘੰਟੇ ਦੀ ਲਾਗੂ ਕੀਤੇ ਜਾਣ ਅਤੇ ਬਿਨਾਂ ਮੁਕੱਦਮਾ ਚਲਾਏ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਵਰਗੇ ਮੁੱਦੇ ਉਠਾਉਣਗੀਆਂ। ਫਰੰਟ ਵਲੋਂ ਆਮ ਜਨਤਾ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਰਤਨ ਭੋਲਾ, ਅਮਰੀਕ ਸਿੰਘ ਫਫੜੇ, ਬੂਟਾ ਸਿੰਘ ਬਰਨਾਲਾ, ਗੁਰਸੇਵਕ ਸਿੰਘ ਮਾਨ ਬੀਬੀਆਂ ਵੀ ਹਾਜ਼ਰ ਸਨ।


