ਮੌੜ ਮੰਡੀ, ਗੁਰਦਾਸਪੁਰ, 4 ਅਪ੍ਰੈਲ (ਸਰਬਜੀਤ ਸਿੰਘ)- ਇੱਥੇ ਡਾਕਟਰ ਅੰਬੇਦਕਰ ਨਗਰ ਮੌੜ ਮੰਡੀ ਵਿਖੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਨਛੱਤਰ ਸਿੰਘ ਰਾਮਨਗਰ ਦੀ ਅਗਵਾਈ ਹੇਠ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਸਾਥੀ ਦੁਸ਼ਹਿਰਾ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ਬੀ ਐੱਸ ਪੀ ਛੱਡ ਕੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਪਾਰਟੀ ਵਿੱਚ ਨਵੇਂ ਜੁੜੇ ਸਾਰੇ ਸਾਥੀਆਂ ਨੂੰ ਜੀ ਆਇਆਂ ਨੂੰ ਆਖਦਿਆਂ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਯੋਗਤਾ ਅਨੁਸਾਰ ਹਰ ਇੱਕ ਨੂੰ ਪਾਰਟੀ ਵਿੱਚ ਸਤਿਕਾਰ ਦਿੱਤਾ ਜਾਵੇਗਾ। ਕਾਮਰੇਡ ਲਾਭ ਅਕਲੀਆ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ , ਡਾਕਟਰ ਭੀਮ ਰਾਓ ਅੰਬੇਦਕਰ ਅਤੇ ਜੋਤੀਬਾ ਫੂਲੇ ਵਰਗੇ ਮਹਾਨ ਮਹਾਨ ਸ਼ਹੀਦਾਂ ਅਤੇ ਸਮਾਜ ਸੇਵਕਾਂ ਦੇ ਰਸਤੇ ਤੇ ਚੱਲ ਕੇ ਜਾਤੀ ਅਤੇ ਜਮਾਤ ਰਹਿਤ ਅਤੇ ਲੁੱਟ ਖਸੁੱਟ ਰਹਿਤ ਸਮਾਜ ਸਿਰਜਣਾ ਚਹੁੰਦੀ ਹੈ। ਜਿਸ ਸਮਾਜ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਆਗੂ ਨੇ ਕਿਹਾ ਕਿ 75 ਸਾਲ ਦੀ ਆਜ਼ਾਦੀ ਤੋਂ ਬਾਅਦ ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜ ਨਹੀਂ ਬਣ ਸਕਿਆ। ਉਲਟਾ ਅਮੀਰ ਲੋਕ ਹੋਰ ਅਮੀਰ ਹੋ ਗਏ ਹਨ ਅਤੇ ਗ਼ਰੀਬ ਲੋਕ ਹੋਰ ਗ਼ਰੀਬ ਹੋ ਗਏ ਹੋ ਗਏ ਹਨ। ਗ਼ਰੀਬ ਮਜ਼ਦੂਰ ਕਿਸਾਨ ਕਰਜ਼ੇ ਬਦਲੇ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿੱਚ ਆਰ ਐਸ ਐਸ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਹੈ, ਅਤੇ ਦੇਸ਼ ਵਿੱਚ ਧਾਰਮਿਕ ਧਰੁਵੀਕਰਨ ਤੇਜ਼ ਕਰ ਰਹੀ ਹੈ। ਭਾਜਪਾ ਦੇ ਫਿਰਕੂ ਰਥ ਨੂੰ ਰੋਕਣ ਲਈ ਦੱਬੇ ਕੁੱਚਲੇ ਲੋਕਾਂ ਨੂੰ ਇਕੱਠਾ ਕਰਨ ਦੀ ਲੋੜ ਹੈ ਅਤੇ ਇਸ ਦੇ ਖ਼ਿਲਾਫ਼ ਤਮਾਮ ਮਿਹਨਤਕਸ਼ ਵਰਗਾਂ ਦੀ ਜਮੂਹਰੀ ਲਹਿਰ ਵਿਕਸਿਤ ਕਰਨ ਦੀ ਲੋੜ ਹੈ। ਅੱਜ ਦੀ ਮੀਟਿੰਗ ਵਿੱਚ ਮੰਗਲ ਸਿੰਘ ਪਰੋਚਾ,ਗੋਰਾ ਸਿੰਘ ਮੌੜ ਚੜ੍ਹਤ ਸਿੰਘ, ਜਗਰੂਪ ਸਿੰਘ ਮਾਨਸਾ ਕਲਾਂ, ਜਗਤਾਰ ਸਿੰਘ ਅਤੇ ਸੁਖਵਿੰਦਰ ਸਿੰਘ ਮੌੜ ਮੰਡੀ,ਟੇਕ ਸਿੰਘ ਰਾਮਨਗਰ ਅਤੇ ਕੁਲਵਿੰਦਰ ਕੌਰ ਅਤੇ ਮਹਿੰਦਰ ਕੌਰ ਮੌੜ ਮੰਡੀ ਸ਼ਾਮਲ ਹੋਏ।