ਸੁਖਜੀਤ ਸਿੰਘ ਰਾਮਾਂਨੰਦੀਨੀਟ ਦਾ ਪੇਪਰ ਲੀਕ ਹੋਣ ਦੇ ਸੁਆਲ ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ
22 ਲੱਖ ਪੀੜਤ ਵਿਦਿਆਰਥੀਆਂ ਲਈ ਮੰਗਿਆ ਮੁਆਵਜ਼ੇ ਅਤੇ ਪੇਪਰ ਲੀਕ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ
ਮਾਨਸਾ, ਗੁਰਦਾਸਪੁਰ , 12 ਜੂਨ (ਸਰਬਜੀਤ ਸਿੰਘ) ਅੱਜ ਸਥਾਨਕ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਦੇ ਵਿੱਚ ਨੀਟ ਦਾ ਪੇਪਰ ਲੀਕ ਹੋਣ ਦੇ ਸਵਾਲ ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਅਤੇ ਸਰਗਰਮ ਟੀਵੀ ਦੇ ਪੱਤਰਕਾਰ ਅਮਰਦੀਪ ਸਿੰਘ ਪਰੋਚਾ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਨੇ ਫੈਸਲਾ ਕੀਤਾ ਕਿ ਕੱਲ 13 ਜੂਨ ਨੂੰ ਮਾਨਸਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਦੇਸ਼ ਪੱਧਰ ਦੇ ਸੱਦੇ ਤਹਿਤ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਉਸ ਦੀ ਅਰਥੀ ਫੂਕੀ ਜਾਵੇਗੀ। ਇਸ ਮੀਟਿੰਗ ਵਿੱਚ ਸੀ ਪੀ ਐੱਮ ਐੱਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਜ਼ਿਲਾ ਸਕੱਤਰ ਸੁਰਿੰਦਰ ਪਾਲ ਸ਼ਰਮਾ, ਅਜਾਇਬ ਸਿੰਘ ਭੈਣੀ ਬਾਘਾ, ਕੁਦਰਤ ਮਾਨਵ ਕੇਂਦਰ ਦੇ ਜਗਰਾਜ ਰੱਲਾ, ਕਿਸਾਨ ਮਜ਼ਦੂਰ ਐਸੋਸੀਏਸ਼ਨ ਦੇ ਕੁਲਦੀਪ ਕੋਟਧਰਮੂੰ, ਕਰਨੈਲ ਸਿੰਘ, ਬੀਕੇਯੂ ਏਕਤਾ ਡਕੌਂਦਾ (ਧਨੇਰ ਗਰੁੱਪ) ਦੇ ਬਲਜੀਤ ਸਿੰਘ ਭੈਣੀਬਾਘਾ, ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਦੇ ਬਲਵਿੰਦਰ ਸਿੰਘ ਘਰਾਂਗਣਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੁਖਜੀਤ ਰਾਮਾਨੰਦੀ ਅਤੇ ਦੀਪਕ ਗੋਇਲ ਮਾਨਸਾ, ਪੈਨਸ਼ਨਰ ਐਸੋਸੀਏਸ਼ਨ ਦੇ ਸਿਕੰਦਰ ਸਿੰਘ ਘਰਾਂਗਣਾ ਅਤੇ ਮਨਿੰਦਰ ਸਿੰਘ ਜਵਾਹਰਕੇ, ਫਰੀਡਮ ਫਾਈਟਰਾਂ ਦੇ ਵਾਰਿਸ ਦੀ ਜਥੇਬੰਦੀ ਵਲੋਂ ਇੰਜੀ.ਚਤਿੰਨ ਸਿੰਘ, ਪੀ ਐੱਸ ਪੀ ਸੀ ਐੱਲ ਦੇ ਬਲਦੇਵ ਸਿੰਘ ਮੰਢਾਲੀ, ਭੀਮ ਸੈਨ, ਭੋਲਾ ਸਿੰਘ, ਬਲਵੰਤ ਸਿੰਘ ਮਾਨਸਾ, ਭਾਰਤ ਮੁਕਤੀ ਮੋਰਚਾ ਦੇ ਜਸਵੰਤ ਸਿੰਘ ਮਾਨਸਾ, ਨੌਜਵਾਨ ਆਗੂ ਗਗਨਦੀਪ ਸਿਰਸੀਵਾਲਾ, ਬੀਕੇਯੂ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਮਹਿੰਦਰ ਸਿੰਘ ਭੈਣੀਬਾਘਾ, ਸਾਬਕਾ ਐੱਮ ਸੀ ਅੰਮ੍ਰਿਤਪਾਲ ਗੋਗਾ, ਇੰਦਰਜੀਤ ਸਿੰਘ ਮੁਨਸ਼ੀ, ਹਰਮੇਸ਼ ਸਿੰਘ ਸ਼ਾਮਲ ਹੋਏ। ਮੀਟਿੰਗ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਪੈੜ ਵਿੱਚ ਪੈਰ ਧਰਦਿਆਂ ਮਾਨ ਸਰਕਾਰ ਵੱਲੋਂ ਵੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ, ਬੁੱਧੀਜੀਵੀਆਂ,ਆਰ ਟੀ ਆਈ ਐਕਟੀਵਿਸਟਾਂ ਉੱਪਰ ਪਰਚੇ ਦਰਜ ਕਰਕੇ ਤੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਮਾਨਸਾ ਸ਼ਹਿਰ ਵਿੱਚ ਮੌਜੂਦ ਕੁਝ ਸਪਾ ਸੈਂਟਰਾਂ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਨੂੰ ਨੱਥ ਪਾਉਣ ਦੀ ਬਜਾਏ ਪੁਲਿਸ ਵਲੋਂ ਉਲਟਾ ਇਸ ਧੰਦੇ ਦਾ ਪਰਦਾਫਾਸ਼ ਕਰਨ ਵਾਲੇ ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਟੀਵੀ ਚੈਨਲ ਦੇ ਪੱਤਰਕਾਰ ਅਮਰਦੀਪ ਸਿੰਘ ਪਰੋਚਾ ਉੱਪਰ ਹੀ ਪਰਚਾ ਦਰਜ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਪਰੋਚਾ ਵਲੋਂ ਮਾਨਸਾ ਪੁਲਿਸ ਦੇ ਕੁਝ ਭ੍ਰਿਸ਼ਟ ਅਫਸਰਾਂ ਖਿਲਾਫ ਆਵਾਜ਼ ਉਠਾਉਣ ਬਦਲੇ ਉਨ੍ਹਾਂ ਅਫਸਰਾਂ ਵਲੋਂ ਨਿੱਜੀ ਰੰਜਿਸ਼ਾਂ ਕੱਢੀਆਂ ਜਾ ਰਹੀਆਂ ਹਨ। ਪੁਲਿਸ ਦੀਆਂ ਅਜਿਹੀਆਂ ਮਨਮਾਨੀਆਂ ਨੂੰ ਜਨਤਕ ਜਥੇਬੰਦੀਆਂ ਬਿਲਕੁਲ ਸਹਿਣ ਨਹੀਂ ਕਰਨਗੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਪਾ ਸੈਂਟਰ ਦੇ ਦੋਸ਼ੀ ਮਾਲਕ ਖਿਲਾਫ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਲੈ ਕੇ ਜਿਲਾ ਕਚਹਿਰੀਆਂ ਤੱਕ ਰੋਸ ਮਾਰਚ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਕਿ ਦੇਸ਼ ਦੀਆਂ ਸਮੁੱਚੀਆਂ ਜਨਤਕ ਜਥੇਬੰਦੀਆਂ ਦੇ ਸੱਦੇ ਤੇਨੀਟ ਦਾ ਪੇਪਰ ਲੀਕ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, 22 ਲੱਖ ਪੀੜਤ ਵਿਦਿਆਰਥੀਆਂ ਲਈ ਮੁਆਵਜ਼ਾ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਅਤੇ NTA ਵਰਗੀ ਭ੍ਰਿਸ਼ਟ ਅਤੇ ਗੈਰ ਜਿੰਮੇਵਾਰ ਸੰਸਥਾ ਨੂੰ ਭੰਗ ਕਰਨ ਦੀ ਮੰਗ ਨੂੰ ਲੈਕੇ ਕੱਲ 13 ਜੂਨ ਨੂੰ ਮਾਨਸਾ ਬੱਸ ਅੱਡੇ ਦੇ ਸਾਹਮਣੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੀ ਅਰਥੀ ਵੀ ਸਾੜੀ ਜਾਵੇਗੀ।


