ਮਨਰੇਗਾ ਮਜ਼ਦੂਰਾਂ ਨੇ ਡੀਸੀ ਦਫ਼ਤਰ ਦਿੱਤਾ ਧਰਨਾ, ਬਰਸਾਤਾਂ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਮੰਗਿਆ

ਮਾਲਵਾ

ਬਰਨਾਲਾ, ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਅੱਜ ਇੱਥੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਡੀ ਸੀ ਦਫ਼ਤਰ ਬਰਨਾਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮਜ਼ਦੂਰਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ ਕੀਤੀ। ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਧਰਨੇ ਦੀ ਸ਼ੁਰੂਆਤ ਕੀਤੀ ਗਈ। ਸਭ ਤੋਂ ਪਹਿਲਾਂ ਮਜ਼ਦੂਰ ਕਚਹਿਰੀ ਚੌਂਕ ਵਿੱਚ ਇਕੱਠੇ ਹੋਏ, ਜਿਸਤੋਂ ਬਾਅਦ ਮਜ਼ਦੂਰ  ਨਾਹਰੇ ਮਾਰਦੇ ਹੋਏ ਮੁਜ਼ਾਹਰੇ ਦੇ ਰੂਪ ਵਿੱਚ ਡੀ ਸੀ ਦਫ਼ਤਰ ਪਹੁੰਚੇ। ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਖੁਸ਼ੀਆ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਮਨਰੇਗਾ ਦੇ ਸਾਰੇ ਕੰਮ ਬੰਦ ਕਰ ਦਿੱਤੇ ਹਨ। ਪਿਛਲੇ ਪੰਜ ਮਹੀਨਿਆਂ ਤੋਂ ਜਿਨ੍ਹਾਂ ਮਜ਼ਦੂਰਾਂ ਨੇ ਮਨਰੇਗਾ ਦਾ ਕੰਮ ਕੀਤਾ ਸੀ,  ਉਹਨਾਂ ਦੇ ਦਿਹਾੜੀਆਂ ਦੇ ਪੈਸੇ ਅਜੇ ਤੱਕ ਖਾਤਿਆਂ ਵਿੱਚ ਨਹੀਂ ਪਾਏ। ਆਗੂਆਂ ਨੇ ਇਹ ਵੀ ਕਿਹਾ ਕਿ ਬਰਸਾਤਾਂ ਨਾਲ਼ ਹਜ਼ਾਰਾਂ ਗ਼ਰੀਬ ਲੋਕਾਂ ਦੇ ਘਰ ਡਿੱਗ ਪਏ ਹਨ, ਉਹਨਾਂ ਦੀਆਂ ਕੰਧਾਂ ਡਿੱਗ ਪਈਆਂ ਹਨ। ਮਜ਼ਦੂਰਾਂ ਦਾ ਕਿਧਰੇ ਕੰਮ ਨਹੀਂ ਚੱਲ ਰਿਹਾ, ਮਜ਼ਦੂਰਾਂ ਦੀਆਂ ਜੇਬਾਂ ਵਿੱਚ ਕਿਸੇ ਪਾਸੇ ਤੋਂ ਪੈਸਾ ਨਹੀਂ ਆ ਰਿਹਾ, ਉਹ ਆਪਣੇ ਘਰ ਕਾਹਦੇ ਨਾਲ ਬਣਾਉਣਗੇ। ਆਗੂਆਂ ਨੇ ਸਰਕਾਰ ਦੀਆਂ ਗ਼ਰੀਬ ਮਾਰੂ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਅਜੇ ਤੱਕ ਜ਼ਿਲਾ ਅਧਿਕਾਰੀ ਗ਼ਰੀਬ ਲੋਕਾਂ ਦੇ ਵਿਹੜਿਆਂ ‘ਚ ਜਾਕੇ ਮੌਕਾ ਨਹੀਂ ਦੇਖਿਆ। ਆਗੂਆਂ ਨੇ ਮੰਗ ਕੀਤੀ ਕਿ ਬਿਨਾਂ ਕਿਸੇ ਵਿਤਕਰੇ ਤੋਂ ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜਿਨ੍ਹਾਂ ਲੋਕਾਂ ਦੇ ਡੰਗਰਾਂ ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ। ਜਿਹੜੇ ਗ਼ਰੀਬ ਲੋਕ ਘਰਾਂ ਵਿੱਚ ਵਿਹਲੇ ਬੈਠੇ ਨੇ, ਉਹਨਾਂ ਨੂੰ ਤੁਰੰਤ ਕੰਮ ਚਲਾਇਆ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਹੜ੍ਹਾਂ ਨਾਲ ਜਿਨ੍ਹਾਂ ਸੜਕਾਂ, ਕੱਚੇ ਰਾਹਾਂ, ਡਰੇਨਾਂ, ਕੱਸੀਆਂ ਆਦਿ  ਮਿੱਟੀ ਖਿਸਕਣ ਨਾਲ ਟੁੱਟ ਚੁੱਕੀਆਂ ਹਨ, ਉਹਨਾਂ ਦੀ ਪੂਰਤੀ ਲਈ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਜਗਰਾਜ ਰਾਮਾ, ਕਾਮਰੇਡ ਨਛੱਤਰ ਸਿੰਘ ਰਾਮਨਗਰ, ਹੈਂਡੀਕੈਪਟ ਯੂਨੀਅਨ ਦੇ ਆਗੂ ਭੀਮ ਭੂਪਾਲ, ਮਨਜੀਤ ਕੌਰ ਪੱਖੋਂ ਕਲਾਂ, ਵੀਰਪਾਲ ਕੌਰ ਬਰਨਾਲਾ,ਕੌਰ ਸਿੰਘ ਕਲਾਲਮਾਜਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *