ਗੁਰਦਾਸਪੁਰ 19 ਸਤੰਬਰ (ਸਰਬਜੀਤ ਸਿੰਘ)– ਸਿੱਖਿਆ ਵਿਭਾਗ ਭਾਰਤ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ / ਐਲੀਮੈਂਟਰੀ ਪਰਮਜੀਤ ਦੀ ਅਗਵਾਈ ਹੇਠ ਸਥਾਨਕ ਗੋਲਡਨ ਕਾਲਜ ਵਿਖੇ ਸਮ੍ਰਿਧੀ ਪ੍ਰੋਗਰਾਮ 2025 ਤਹਿਤ ਨੌਵੀਂ ਤੋਂ
ਬਾਰ੍ਹਵੀਂ ਤੱਕ ਦੇ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ , ਜਿਸ ਵਿੱਚ ਬਲਾਕ ਪੱਧਰ ਤੇ ਜੇਤੂ ਰਹੇ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ। ਇਸ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਅਨਿਲ ਸ਼ਰਮਾ ਵੱਲੋਂ ਪਹੁੰਚ ਕੇ ਹਾਜ਼ਰ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ , ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਮ੍ਰਿਧੀ ਪ੍ਰੋਗਰਾਮ 2025 ਦੇ ਕੋਆਰਡੀਨੇਟਰ ਪ੍ਰਦੀਪ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮ੍ਰਿਧੀ ਪ੍ਰੋਗਰਾਮ ਅਧਿਆਪਕਾਂ ਲਈ ਰਾਸ਼ਟਰੀ ਪੱਧਰ ਦਾ ਮੁਕਾਬਲਾ ਹੈ। ਇਸਦਾ ਉਦੇਸ਼ ਸੈਕੰਡਰੀ ਪੱਧਰ ਤੇ ਨੌਵੀ ਤੋਂ ਬਾਰ੍ਹਵੀਂ ਤੱਕ ਪੜ੍ਹਾਉਣ ਵਾਲੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੁਆਰਾ ਵਿਕਸਤ ਅਤੇ ਲਾਗੂ ਕੀਤੇ ਗਏ ਕਲਾ-ਏਕੀਕ੍ਰਿਤ ਅਧਿਆਪਨ ਵਿਧੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਕੂਲ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਢਾਂਚੇ 2020 ਅਨੁਸਾਰ ਉਨ੍ਹਾਂ ਅਧਿਆਪਕਾਂ ਦੇ ਯਤਨਾਂ ਨੂੰ ਪਛਾਣਨਾ ਅਤੇ ਉਤਸ਼ਾਹਿਤ ਕਰਨਾ ਹੈ , ਜਿਨ੍ਹਾਂ ਨੇ ਸਫਲਤਾਪੂਰਵਕ ਅਧਿਆਪਨ ਵਿਧੀਆਂ ਵਿੱਚ ਕਲਾ ਨੂੰ ਏਕੀਕ੍ਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮ੍ਰਿਧੀ ਪ੍ਰੋਗਰਾਮ ਤਹਿਤ ਅਧਿਆਪਕਾਂ ਦੇ ਬਲਾਕ ਪੱਧਰੀ ਮੁਕਾਬਲੇ ਪਹਿਲਾਂ ਹੀ ਕਰਵਾਏ ਜਾ ਚੁੱਕੇ ਹਨ। ਇਸ ਦੌਰਾਨ ਅਧਿਆਪਕਾਂ ਵੱਲੋਂ ਅਧਿਆਪਨ ਸਹਾਇਕ ਸਮੱਗਰੀ ਦੇ ਸਹਿਯੋਗ ਨਾਲ ਬਹੁਤ ਵਧੀਆ ਢੰਗ ਨਾਲ ਆਪਣੇ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਜੇਤੂ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਗੱਜਣ ਸਿੰਘ, ਹੈੱਡਮਾਸਟਰ ਦਵਿੰਦਰ ਸਿੰਘ , ਸ਼੍ਰੀਮਤੀ ਕਰਮਜੀਤ ਕੌਰ, ਸ਼੍ਰੀ ਕਮਲਦੀਪ ਤੇ ਹਰਪ੍ਰੀਤ ਸਿੰਘ ਵੱਲੋ ਜੱਜਮੈਂਟ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਡੀ.ਈ.ਓ. ਦਫ਼ਤਰ ਤੋਂ ਸੁਪਰਡੈਂਟ ਪ੍ਰਬੋਧ ਕੁਮਾਰ,ਰਾਹੁਲ , ਸਟੈਨੋ ਅਮਨ ਗੁਪਤਾ , ਸੁਮਿਤ ਕੁਮਾਰ , ਰਾਹੁਲ ਲੂਣਾ , ਸਰਬਜੀਤ ਢੀਗਰਾ , ਗਗਨਦੀਪ ਸਿੰਘ ਆਦਿ ਹਾਜ਼ਰ ਸਨ।



