ਬਰਨਾਲਾ, ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)– ਲਾਭ ਸਿੰਘ ਅਕਲੀਆ, ਸੂਬਾ ਸਕੱਤਰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਕਿਹਾ ਕਿ ਜਨਤਾ ਦੀ ਦੁਸ਼ਮਣ ਨੰਬਰ ਇੱਕ ਅਤੇ ਅਡਾਨੀ – ਅੰਬਾਨੀ ਵਰਗੇ ਮਹਾਂਭ੍ਰਿਸਟ ਕਾਰਪੋਰੇਟ ਘਰਾਣਿਆਂ ਦੀਆਂ ਲਠੈਤ ਸੰਘੀ ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਦੇ ਖ਼ਿਲਾਫ਼ ‘ਸੰਸਦੀ ਸੰਘਰਸ਼’ ਨੂੰ ਇੱਕ ਮਾਧਿਅਮ ਦੇ ਰੂਪ ‘ਚ ਵਰਤਣਾ ਚਾਹੀਦਾ। ਜਿਹੜੇ ਲੋਕ ਸੰਸਦੀ ਸੰਘਰਸ਼ ਨੂੰ ਜਮਾਤੀ ਸੰਘਰਸ਼ ਦਾ ਹਿੱਸਾ ਨਹੀਂ ਮਨਦੇ, ਉਹਨਾਂ ਲਕੀਰ ਦੇ ਫ਼ਕੀਰਾਂ ਨੂੰ ਲੈਨਿਨ, ਸਟਾਲਿਨ ਅਤੇ ਦਮਿੱਤਰੋਵ ਦੇ “ਏਕਾ ਅਧਿਕਾਰ, ਪੂੰਜੀਵਾਦ ਅਤੇ ਫਾਸ਼ੀਵਾਦ” (ਜੋ ਅੱਜ ਵਿੱਤੀ ਪੂੰਜੀ ਦਾ ਸਭ ਤੋਂ ਵੱਡਾ ਬਦਨਾਮ ਹਥਿਆਰ ਹੈ) ਨੂੰ ਅੱਜ ਸਮਝਣ ਲਈ ਇਨ੍ਹਾਂ ਦੀਆਂ ਰਚਨਾਵਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਅਤੇ ਦੇਸ਼ ਦੀਆਂ ਮੋਜੂਦਾ ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ ਕਰਨਾ ਚਾਹੀਦਾ। ਕਿਉਂ ਕਿ ਕਾਮਰੇਡ ਲੈਨਿਨ ਦੇ ਅਨੁਸਾਰ ਠੋਸ ਵਿਸ਼ਲੇਸ਼ਣ ਤੋਂ ਬਿਨ੍ਹਾਂ ਕਿਸੇ ਦੇਸ਼ ਵਿੱਚ ਕ੍ਰਾਂਤੀ ਦੀ ਲਹਿਰ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਮੋਜੂਦਾ ਹਾਲਤਾਂ ਵਿੱਚ ਦੇਸ਼ ਅੰਦਰ ਭਾਜਪਾ, ਆਰ. ਐਸ. ਐਸ. ਵਰਗੀਆਂ ਨਵ – ਫਾਸ਼ੀਵਾਦੀ ਤਾਕਤਾਂ, ਜਿਨ੍ਹਾਂ ਦਾ ਵਿਚਾਰਧਾਰਕ ਅਧਾਰ ਘੋਰ ਅਣਮਨੁੱਖੀ ਮਨੂੰਸਿਮ੍ਰਤੀ ਹੈ ਅਤੇ ਦੇਸ਼ ਨੂੰ ਮਨੂੰਵਾਦੀ ਬ੍ਰਾਹਮਣਵਾਦੀ ਹਿੰਦੂਤਵ ਉੱਪਰ ਕੇਂਦਰਿਤ ਕਰਨਾ ਚਾਹੁੰਦੀਆਂ ਹਨ। ਆਰ. ਐਸ. ਐਸ. ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਫਾਸ਼ੀਵਾਦੀ ਸੰਗਠਨ ਹੈ, 19ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਜਦੋਂ ਯੂਰਪ ਵਿੱਚ ਫਾਸ਼ੀਵਾਦ ਦੀ ਸਥਾਪਨਾ ਹੋ ਰਹੀ ਸੀ, ਉਸੇ ਸਮੇਂ ਆਰ ਐਸ ਐਸ ਦੇ ਪ੍ਰਮੁੱਖ ਆਗੂਆਂ ਦੇ ‘ਮੁਸੋਲਿਨੀ’ ਅਤੇ ‘ਹਿਟਲਰ’ ਵਰਗੇ ਫਾਸ਼ੀਵਾਦੀਆਂ ਨਾਲ਼ ਗੂੜ੍ਹੇ ਸਬੰਧ ਬਣੇ ਹੋਏ ਸਨ। ਇਸ ਲਈ ਕਮਿਊਨਿਸਟਾਂ ਅਤੇ ਜਮਹੂਰੀ ਤਾਕਤਾਂ ਨੂੰ ਨਵ ਫਾਸ਼ੀਵਾਦ ਦੇ ਖ਼ਿਲਾਫ਼ ਸੰਸਦ ਤੋਂ ਲੈਕੇ ਸੜਕ ਤੱਕ ਦੀ ਲੜਾਈ ਲੜ੍ਹਨ ਲਈ ਪਹਿਲ ਕਰਨੀ ਚਾਹੀਦੀ ਹੈ। ਪਰ ਇਸ ਲੜਾਈ ਵਿੱਚ ਕਮਿਊਨਿਸਟ ਕ੍ਰਾਂਤੀਕਾਰੀ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਮਜ਼ਦੂਰ ਜਮਾਤ ਅਤੇ ਦੱਬੀ ਕੁਚਲੀ ਜਨਤਾ ਦੇ ਵਡੇਰੇ ਹਿੱਤਾਂ ਅਤੇ ਏਜੰਡੇ ਨਾਲ਼ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅੱਜ “ਫਾਸ਼ੀਵਾਦੀ ਆਰ. ਐਸ. ਐਸ- ਭਾਜਪਾ ਨੂੰ ਹਰਾਓ , ਲੋਕਤੰਤਰ, ਸੰਵਿਧਾਨ, ਧਰਮਨਿਰਪੱਖਤਾ ਅਤੇ ਜਾਤੀ ਆਧਾਰਤ ਰੀਜ਼ਰਵੇਸ਼ਨ ਨੂੰ ਬਚਾਓ” ਦੇ ਨਾਹਰੇ ਨੂੰ ਅਮਲੀ ਰੂਪ ‘ਚ ਬੁਲੰਦ ਕਰਨਾ ਚਾਹੀਦਾ ਹੈ। ਸਾਡਾ ਕਹਿਣ ਦਾ ਮਤਲਬ ਇਹ ਵੀ ਨਹੀਂ ਕਿ ‘ਇੰਡੀਆ’ ਗੱਠਜੋੜ ਨਾਲ਼ ਜੁੜੋ, ਜਿਵੇਂ ਕੁੱਝ ਖੱਬੇ ਪੱਖੀ ਪਾਰਟੀਆਂ ਕਰ ਰਹੀਆਂ ਹਨ। ਸਾਡੇ ‘ਇੰਡੀਆ’ ਗੱਠਜੋੜ ਨਾਲ਼ ਗੰਭੀਰ ਕਿਸਮ ਦੇ ਰਾਜਨੀਤਕ ਮੱਤਭੇਦ ਹਨ, ਕਿਉਂ ਕਿ ਉਸ ਵਿੱਚ ਵਧੇਰੇ ਰਾਜਨੀਤਕ ਪਾਰਟੀਆਂ ਉਹ ਹਨ, ਜਿਹੜੀਆਂ ਵੱਖ ਵੱਖ ਰਾਜਾਂ ਵਿੱਚ ਖ਼ੁਦ ਸੱਤਾ ਵਿੱਚ ਹੁੰਦੇ ਹੋਏ ਕਾਰਪੋਰੇਟਪ੍ਰਸਤ ਨਵ – ਉਦਾਰਵਾਦੀ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਦੀਆਂ ਆ ਰਹੀਆਂ ਹਨ। ਸਾਡਾ ਸਪੱਸ਼ਟ ਤੌਰ ‘ਤੇ ਇਹ ਵੀ ਮੰਨਣਾ ਹੈ ਕਿ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਭਾਜਪਾ ਵਿਰੋਧੀ ਦਲ ਫਾਸ਼ੀਵਾਦੀ ਨਹੀਂ ਹਨ, ਬਲਕਿ ਉਹ ਪੂੰਜੀਵਾਦੀ ਨਿਜ਼ਾਮ ਨੂੰ ਜਿਉਂਦਾ ਰੱਖਣ ਵਾਲੇ ਹਨ। ਮੋਜੂਦਾ ਹਾਲਤਾਂ ਵਿੱਚ ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਜਨਤਾ ਦੇ ਹਿੱਤਾਂ ਨਾਲ ਸਮਝੌਤਾ ਕੀਤੇ ਬਗ਼ੈਰ ਫਾਸ਼ੀਵਾਦੀਆਂ ਅਤੇ ਗ਼ੈਰ ਫਾਸ਼ੀਵਾਦੀਆਂ ਵਿੱਚਕਾਰ ਨਿਖੇੜਾ ਕਰਦੇ ਹੋਏ, ਇਹਨਾਂ ਦੇ ਆਪਸੀ ਅੰਤਰ ਵਿਰੋਧਾਂ ਦਾ ਜਮਾਤੀ ਹਿੱਤਾਂ ਲਈ ਫ਼ਾਇਦਾ ਉਠਾਉਣਾ ਚਾਹੀਦਾ ਹੈ। ਜਨਤਾ ਨੂੰ ਇਸ ਦਮ ਘੋਟੂ ਅਣਮਨੁੱਖੀ ਮਹੌਲ ਵਿੱਚੋਂ ਬਾਹਰ ਕੱਢਣ ਲਈ ਫਾਸ਼ੀਵਾਦ ਨੂੰ ਹਰਾਉਣ ਲਈ ਤੁਰੰਤ ਯਤਨ ਕਰਨੇ ਚਾਹੀਦੇ ਹਨ। ਜਿਹੜੇ ਲੋਕ ਆਰ. ਐਸ. ਐਸ. -ਭਾਜਪਾ ਨਾਲੋਂ ਦੂਜੀਆਂ ਬੁਰਜੂਆ ਰਾਜਨੀਤਕ ਪਾਰਟੀਆਂ ਵਿੱਚ ਫ਼ਰਕ ਨਹੀਂ ਕਰਦੇ ਅਤੇ ਫਾਸ਼ੀਵਾਦੀਆਂ ਅਤੇ ਗ਼ੈਰ ਫਾਸ਼ੀਵਾਦੀਆਂ ਵਿਚਕਾਰ ਫ਼ਰਕ ਨਹੀਂ ਸਮਝਦੇ, ਅਸਲ ਵਿੱਚ ਉਹ ਮਾਰਕਸਵਾਦੀ- ਲੈਨਿਨਵਾਦੀ ਨਹੀਂ ਹਨ, ਉਹ ਸਿਰਫ਼ ਕੋਰੀ ਲਫਾਜ਼ੀ ਦੇ ਮਾਹਿਰ ਹੋਣ ਕਰਕੇ ਜਾਣੇ-ਅਣਜਾਣੇ ਸੰਘੀ ਮਨੂੰਵਾਦੀ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਦੇ ਹੱਕ ਵਿੱਚ ਭੁਗਤ ਰਹੇ ਹਨ। ਜਨਤਾ ਦੇ ਜਮਹੂਰੀ ਇਨਕਲਾਬ ਅਤੇ ਸਮਾਜਵਾਦ ਵੱਲ ਅੱਗੇ ਵਧਣ ਲਈ ਸਹੀ ਮਾਰਕਸਵਾਦੀ ਲੈਨਿਨਵਾਦੀ ਦਿਸ਼ਾ ਅਪਨਾਉਣ ਦੀ ਲੋੜ ਹੈ।


