ਭਾਗੀਦਾਰਾਂ ਨੂੰ ਡਾਟਾ ਇਕੱਠਾ ਕਰਨ ਦੇ ਵਿਗਿਆਨਕ ਅਤੇ ਪ੍ਰਮਾਣਿਕ ਤਰੀਕਿਆਂ, ਮੋਬਾਈਲ ਐਪਲੀਕੇਸ਼ਨ ਦੀ ਸੁਚੱਜੀ ਵਰਤੋਂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ
ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿੱਤਿਆ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਬੀ.ਡੀ.ਪੀ.ਓ ਦਫ਼ਤਰ ਵਿੱਚ ਸੋਸ਼ਲ ਅਤੇ ਆਰਥਿਕ ਜਨਗਣਨਾ ਸਬੰਧੀ ਟ੍ਰੇਨਿੰਗ ਦਾ ਪਹਿਲਾ ਪੜਾਅ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਫਲਤਾਪੂਰਵਕ ਪੂਰਾ ਕੀਤਾ ਗਿਆ।
ਇਹ ਮਹੱਤਵਪੂਰਨ ਟ੍ਰੇਨਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਸਿਮਰਨ ਸਿੰਘ ਢਿੱਲੋਂ ਦ ਨਿਗਰਾਨੀ ਹੇਠ ਕਰਵਾਈ ਗਈ।
ਇਸ ਵਿਸ਼ੇਸ਼ ਟ੍ਰੇਨਿੰਗ ਕੈਂਪ ਵਿੱਚ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਪੱਧਰ ਤੋਂ ਪਹੁੰਚੇ ਟ੍ਰੇਨਰਾਂ ਵੱਲੋਂ ਲਗਭਗ 40 ਸਰਵੇਅਰਾਂ ਅਤੇ ਗਿਣਤੀਕਾਰਾਂ ਨੂੰ ਜਨਗਣਨਾ ਪ੍ਰਕਿਰਿਆ ਦੇ ਹਰ ਪੱਖ ਬਾਰੇ ਵਿਸਥਾਰਪੂਰਵਕ ਅਤੇ ਪ੍ਰਯੋਗਾਤਮਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਭਾਗੀਦਾਰਾਂ ਨੂੰ ਡਾਟਾ ਇਕੱਠਾ ਕਰਨ ਦੇ ਵਿਗਿਆਨਕ ਅਤੇ ਪ੍ਰਮਾਣਿਕ ਤਰੀਕਿਆਂ, ਮੋਬਾਈਲ ਐਪਲੀਕੇਸ਼ਨ ਦੀ ਸੁਚੱਜੀ ਵਰਤੋਂ ਅਤੇ ਨਿਰਧਾਰਿਤ ਸਮੇਂ ਅੰਦਰ ਸਰਵੇਅ ਪੂਰਾ ਕਰਨ ਲਈ ਲੋੜੀਂਦੇ ਤਕਨੀਕੀ ਤੇ ਪ੍ਰਬੰਧਕੀ ਪਹਲੂਆਂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਗਈ।
ਇਸ ਦੌਰਾਨ ਪ੍ਰੈਕਟੀਕਲ ਸੈਸ਼ਨਾਂ ਰਾਹੀਂ ਉਨ੍ਹਾਂ ਦੀ ਸਮਝ ਨੂੰ ਹੋਰ ਮਜ਼ਬੂਤ ਕੀਤਾ ਗਿਆ, ਜਿਸ ਨਾਲ ਮੈਦਾਨੀ ਪੱਧਰ ’ਤੇ ਕੰਮ ਕਰਨ ਲਈ ਉਨ੍ਹਾਂ ਦੀ ਤਿਆਰੀ ਵਿੱਚ ਖਾਸ ਵਾਧਾ ਹੋਇਆ।
ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ, ਨਿਭਾਅ ਅਤੇ ਜ਼ਿੰਮੇਵਾਰੀ ਨਾਲ ਅੰਜਾਮ ਦੇਣ ਤਾਂ ਜੋ ਸਰਵੇ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਯਕੀਨੀ ਬਣਾਈ ਜਾ ਸਕੇ।
ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਅਤੇ ਇੰਚਾਰਜ ਗੁਰਪ੍ਰੀਤ ਨੇ ਸਮਾਗਮ ਵਿੱਚ ਸ਼ਾਮਲ ਸਾਰੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਮੋਬਾਈਲ ਫੋਨ ਸੌਂਪੇ।
ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕੀ ਸਹੂਲਤਾਂ ਸਰਵੇਅ ਪ੍ਰਕਿਰਿਆ ਨੂੰ ਹੋਰ ਵੀ ਤੇਜ਼, ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀ


