ਰਾਜ ਪੱਧਰੀ ਇੰਟਰ ਡਾਇਟ ਐਥਲੈਟਿਕਸ ਮੀਟ ਵਿੱਚ ਡਾਇਟ ਗੁਰਦਾਸਪੁਰ ਦੇ ਸਿਖਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਗੁਰਦਾਸਪੁਰ


ਇੱਕ ਗੋਲਡ ਸਮੇਤ ਚਾਰ ਮੈਡਲ ਜਿੱਤੇ

ਗੁਰਦਾਸਪੁਰ,16 ਦਸੰਬਰ (ਸਰਬਜੀਤ ਸਿੰਘ)—  ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਨ ਗੁਰਦਾਸਪੁਰ ਦੇ ਸਿਖਿਆਰਥੀਆਂ ਨੇ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਹੋਈ ਰਾਜ ਪੱਧਰੀ ਇੰਟਰ ਡਾਇਟ ਅਥਲੈਟਿਕਸ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਸੰਸਥਾ ਨੇ ਕੁੱਲ ਇੱਕ ਸੋਨੇ ਅਤੇ ਤਿੰਨ ਕਾਂਸੇ ਦੇ ਪਦਕ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ।

ਡਾਇਟ ਗੁਰਦਾਸਪੁਰ ਤੋਂ ਲੈਕਚਰਾਰ ਸ਼ਸ਼ੀ ਭੂਸ਼ਣ ਅਤੇ ਸਰਿਤਾ ਰਾਣੀ ਨੇ ਦੱਸਿਆ ਕਿ ਐੱਸ.ਸੀ.ਈ.ਆਰ.ਟੀ.  ਵੱਲੋਂ ਕਰਵਾਏ ਗਏ ਇਨ੍ਹਾਂ  ਮੁਕਾਬਲਿਆਂ ਵਿੱਚ ਡਾਇਟ ਗੁਰਦਾਸਪੁਰ ਦੇ 18 ਸਿਖਿਆਰਥੀਆਂ ਨੇ ਕੁੱਲ 9 ਖੇਡਾਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਜਿੱਥੇ ਮੁੰਡਿਆਂ ਦੀ 800 ਮੀਟਰ ਦੌੜ ਵਿੱਚ ਮਨਦੀਪ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ-ਪਦਕ ’ਤੇ ਮੱਲ ਮਾਰੀ, ਉੱਥੇ ਹੀ ਕੁੜੀਆਂ ਦੀ 800 ਮੀਟਰ ਦੌੜ ਵਿੱਚ ਪਰਮਜੀਤ ਨੇ ਕਾਂਸੇ ਪਦਕ ਨੂੰ ਆਪਣੇ ਨਾਮ ਕੀਤਾ।

ਕੁੜੀਆਂ ਦੇ ਸ਼ਾਟ-ਪੁੱਟ ਮੁਕਾਬਲੇ ਵਿੱਚ ਦਿਕਸ਼ਾ ਸ਼ਰਮਾ ਨੇ ਆਪਣੇ ਸਾਨਦਾਰ ਪ੍ਰਦਰਸ਼ਨ ਨਾਲ ਕਾਂਸੇ ਦਾ ਤਗ਼ਮਾ  ਜਿੱਤਿਆ ਤੇ ਮੁੰਡਿਆਂ ਦੀ ਰਿਲੇਅ ਦੌੜ ਵਿੱਚ ਮਨਦੀਪ ਕੁਮਾਰ, ਜਸ਼ਨਪ੍ਰੀਤ ਸਿੰਘ, ਰੀਤਿਕ ਕੁਮਾਰ ਅਤੇ ਸਚਿਨ ਨੇ ਆਪਸੀ ਤਾਲਮੇਲ ਦੀ ਮਿਸਾਲ ਪੇਸ਼ ਕਰਦੇ ਹੋਏ ਕਾਂਸੇ ਦੇ ਤਗ਼ਮੇ ਨੂੰ ਆਪਣੇ ਨਾਮ ਕਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।

ਇਨ੍ਹਾਂ ਮੁੱਖ ਪ੍ਰਾਪਤੀਆਂ ਤੋਂ ਇਲਾਵਾ, ਕੁੜੀਆਂ ਦੀ ਰੱਸਾ-ਕੱਸੀ ਟੀਮ ਵਿੱਚ ਆਸ਼ਵੀਨ ਭਾਰਦਵਾਜ, ਨਿਧਿਕਾ, ਲਵਪ੍ਰੀਤ, ਰਜਨੀ, ਪਰਮਜੀਤ, ਦਿਕਸ਼ਾ ਸ਼ਰਮਾ, ਸਿਮਰਜੀਤ ਕੌਰ, ਪਾਇਲ, ਸੁਖਵੰਤ ਕੌਰ ਤੇ ਕੋਮਲਪ੍ਰੀਤ ਕੌਰ ਨੇ ਆਪਣੇ ਜੋਸ਼ ਅਤੇ ਤਾਕਤ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਜੈਵਲਿਨ ਥਰੋਅ ਮੁਕਾਬਲੇ ਵਿੱਚ ਵੀ ਨਰਿੰਦਰ ਕੁਮਾਰ ਅਤੇ ਪਾਇਲ ਨੇ ਬੇਹੱਦ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ।

 ਸਿਖਿਆਰਥੀਆਂ ਦਾ ਮਨੋਬਲ ਵਧਾਉਣ ਲਈ ਡਾਇਟ ਗੁਰਦਾਸਪੁਰ ਵੱਲੋਂ ਲੈਕਚਰਾਰ ਸ਼ਸ਼ੀ ਭੂਸ਼ਣ ਅਤੇ ਸਰਿਤਾ ਰਾਣੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਜੇਤੂ ਸਿਖਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾਇਟ ਲੈਕਚਰਾਰ ਨਰੇਸ਼ ਕੁਮਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *