ਤਪਾ ਮੰਡੀ, ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)– ਅੱਜ ਇੱਥੇ ਤਪਾ ਮੰਡੀ (ਜ਼ਿਲ੍ਹਾ ਬਰਨਾਲਾ) ਵਿਖੇ ਪ੍ਰਜਾਪਤ ਧਰਮਸ਼ਾਲਾ ਵਿੱਚ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੀ ਅਗਵਾਈ ਹੇਠ ਇੱਕ ਭਰਵੀਂ ਜਨਰਲ ਮੀਟਿੰਗ ਅਤੇ ਸਟੱਡੀ ਕਲਾਸ ਆਯੋਜਿਤ ਕੀਤਾ ਗਿਆ। ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਕਮ ਪਾਰਟੀ ਸਕੂਲ ਨੂੰ ਸੰਬੋਧਨ ਕਰਦਿਆਂ ਇਸਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਜ਼ਦੂਰ ਜਮਾਤ ਨੂੰ ਦਰਪੇਸ਼ ਸਮੱਸਿਆਵਾਂ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹਰ ਦੱਬੇ ਕੁੱਚਲੇ ਵਰਗ ਲਈ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਭਾਰਤੀ ਸੰਵਿਧਾਨ ਵਿੱਚ ਵੱਡੇ ਪੱਧਰ ‘ਤੇ ਸੋਧਾਂ ਕਰਕੇ ਸੰਵਿਧਾਨ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ। ਮਜ਼ਦੂਰ ਜਮਾਤ ਵੱਲੋਂ ਆਪਣੇ ਤਿੱਖੇ ਘੋਲਾਂ ਸਦਕਾ, ਜਿਹੜੇ 44 ਕਿਰਤ ਕਾਨੂੰਨ ਸਮੇਤ ਮਗਨਰੇਗਾ ਕਾਨੂੰਨ ਹੋਂਦ ਵਿੱਚ ਲਿਆਂਦੇ ਗਏ ਸਨ। ਫਾਸ਼ੀਵਾਦੀ ਮੋਦੀ ਹਕੂਮਤ ਵੱਲੋਂ ਵੱਡੇ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਰੇ ਕਿਰਤ ਕਾਨੂੰਨਾਂ ਨੂੰ ਬੁਨਿਆਦੀ ਤੌਰ ‘ਤੇ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਚਾਰ ਲੇਬਰ ਕੋਡ ਵਿੱਚ ਬਦਲ ਕੇ ਪੂੰਜੀਪਤੀਆਂ ਅਤੇ ਕਾਰਪੋਰੇਟਾਂ ਨੂੰ ਮਜ਼ਦੂਰ ਜਮਾਤ ਦੀ ਤਿੱਖੀ ਲੁੱਟ ਹੋਰ ਕਰਨ ਲਈ ਰਾਹ ਸੁਖਾਲਾ ਬਣਾ ਦਿੱਤਾ ਹੈ। ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਜਿਸਨੇ ਚਾਰ ਸਾਲ ਗੱਪਾਂ ਵਿੱਚ ਹੀ ਬਰਬਾਦ ਕਰ ਦਿੱਤੇ ਹਨ ਅਤੇ ਪੰਜਾਬ ਨੂੰ ਕਰਜ਼ੇ ਵਿੱਚ ਬਿੰਨ੍ਹ ਦਿੱਤਾ ਹੈ।
ਪਾਰਟੀ ਦੇ ਪੋਲਿਟ ਬਿਓਰੋ ਮੈਂਬਰ ਕਾਮਰੇਡ ਤੁਹਿਨ ਦੇਵ ਵੱਲੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸਥਿਤੀ ‘ਤੇ ਚਰਚਾ ਕਰਦਿਆਂ ਪਾਰਟੀ ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਕੀਤੀ ਗਈ। ਇਸਦੇ ਨਾਲ-ਨਾਲ ਹੀ ਸਤੰਬਰ ਮਹੀਨੇ ਵਿੱਚ ਕਰਨਾਟਕ ਦੇ ‘ਰਾਏਚੂਰ’ ਵਿਖੇ ਹੋਣ ਵਾਲੇ ਪਾਰਟੀ ਦੇ 13ਵੇਂ ‘ਮਹਾਂ ਸਮੇਲਨ’ ਦੀ ਪ੍ਰਕਿਰਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ‘ਪਾਰਟੀ ਕਾਂਗਰਸ’ ਵਿੱਚ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਵੀ ਚਾਨਣਾ ਪਾਇਆ। ਮੀਟਿੰਗ ਵਿੱਚ ਅਮਰੀਕੀ ਸਾਮਰਾਜਵਾਦ ਅਤੇ ਉਸਦੇ ਤਲ਼ੇ ਚੱਟਣ ਵਾਲੇ ਅੱਤਵਾਦੀ ਜ਼ਇਓਨਿਸਟ ਨੇਤਨਯਾਹੂ ਵੱਲੋਂ ਅਮਰੀਕੀ ਸਾਮਰਾਜਵਾਦ ਨਾਲ਼ ਮਿਲਕੇ ਇਰਾਨ, ਫ਼ਲਸਤੀਨ ਅਤੇ ਲੇਬਨਾਨ ਵਿਰੁੱਧ ਕੀਤੇ ਗਏ ਫੌਜੀ ਹਮਲੇ ‘ਤੇ ਗੰਭੀਰਤਾ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਅਮਰੀਕੀ ਸਾਮਰਾਜਵਾਦ ਅਤੇ ਜ਼ਇਓਨਿਸਟ ਇਜ਼ਰਾਈਲ ਪ੍ਰਤੀ ਫਾਸ਼ੀਵਾਦੀ ਆਰ ਐੱਸ ਐੱਸ-ਮੋਦੀ ਸਰਕਾਰ ਦੀ ਅਧੀਨਗੀ ਵਾਲੀ ਭੂਮਿਕਾ ਦੀ ਵੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਗਈ। ਆਗੂਆਂ ਨੇ ‘ਬੌਲਸ਼ਵਿਕ ਸ਼ੈਲੀ’ ਦੇ ਅਧਾਰਿਤ ਕਮਿਊਨਿਸਟ ਪਾਰਟੀ ਦਾ ਢਾਂਚਾ ਉਸਾਰਨ ਦੀ ਲੋੜ ‘ਤੇ ਜ਼ੋਰ ਦਿੱਤਾ , ਨਾਲ ਇਹ ਵੀ ਕਿਹਾ ਕਿ ਸਾਮਰਾਜਵਾਦ, ਕਾਰਪੋਰੇਟ ਅਤੇ ਭਗਵੇਂ ਫਾਸ਼ੀਵਾਦੀ ਗਠਜੋੜ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ, ਅਤੇ ਲੋਕ ਜਮਹੂਰੀ ਇਨਕਲਾਬ (PDR) ਨੂੰ ਸਫ਼ਲ ਬਣਾਉਣ ਲਈ ਜਮਾਤੀ ਅਤੇ ਜਨਤਕ ਸੰਗਠਨਾਂ ਦੇ ਘੋਲਾਂ ਨੂੰ ਤਕੜਾ ਕੀਤਾ ਜਾਵੇ। ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਪੱਖੋ ਕਲਾਂ, ਗੁਰਦੇਵ ਸਿੰਘ ਅਤੇ ਕਰਮਜੀਤ ਕੌਰ ਕਰਾੜਵਾਲਾ, ਰਾਜ ਸਿੰਘ ਧੌਲਾ ਆਦਿ ਸਾਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।


