ਕੰਮ ਦਿਹਾੜੀ ਸਮਾ 12 ਘੰਟੇ ਕਰਨ ਸਮੇਤ ਕਾਲੇ ਕਾਨੂੰਨਾਂ ਖ਼ਿਲਾਫ਼ ਤਿੱਖਾ ਅੰਦੋਲਨ ਸਮੇਂ ਦੀ ਲੋੜ- ਕ੍ਰਿਸ਼ਨ ਸਿੰਘ ਚੌਹਾਨ

ਮਾਲਵਾ

ਰੋਸ ਮਾਰਚ ਕਰਨ ਉਪਰੰਤ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਕਾਲਾ ਦਿਵਸ ਮਨਾਇਆ

ਮਾਨਸਾ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਉੱਤੇ ਪੰਜਾਬ ਦੀਆਂ ਟਰੇਡ ਯੂਨੀਅਨਾਂ  ਏਟਕ, ਏਟਕੂ, ਸੰਯੁਕਤ ਮੋਰਚਾ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ  ਚਾਰ ਲੇਬਰ ਕੋਡਾਂ ਦੇ ਵਿਰੋਧ ਵਿੱਚ ਰੋਸ ਮਾਰਚ ਕਰਨ ਉਪਰੰਤ ਠੀਕਰੀਵਾਲਾ ਚੌਕ ਵਿਖੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਕਾਲਾ ਦਿਵਸ ਮਨਾਇਆ। ਸਥਾਨਕ ਠੀਕਰੀਵਾਲਾ ਚੌਕ ਵਿਖੇ ਪ੍ਰਦਰਸ਼ਨ ਕਰਨ ਸਮੇਂ ਏਟਕ ਦੇ ਐਡਵੋਕੇਟ ਕੁਲਵਿੰਦਰ ਉੱਡਤ, ਪੰਜਾਬ ਖੇਤ ਮਜ਼ਦੂਰ ਸਭਾ ਦੇ ਕ੍ਰਿਸ਼ਨ ਸਿੰਘ ਚੌਹਾਨ, ਏਟਕੂ ਦੇ ਸੁਰਿੰਦਰਪਾਲ ਸ਼ਰਮਾ,ਕੁਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨਬੀਬੜੀਆਂ, ਪੈਨਸ਼ਨਰਜ ਐਸੋਸੀਏਸ਼ਨ ਦੇ ਲਖਨਪਾਲ,ਫਰਦ ਕੇਂਦਰ ਦੇ ਰਮਨਦੀਪ ਸਿੰਘ ਚਕੇਰੀਆਂ, ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਸਿੰਘ ਦਾਨੇਵਾਲੀਆ, ਜਮਹੂਰੀ ਕਿਸਾਨ ਸਭਾ ਦੇ ਮੇਜ਼ਰ ਸਿੰਘ ਦੂਲੋਵਾਲ,ਆਗਨਵਾੜੀ ਆਗੂ ਬਲਵਿੰਦਰ ਕੌਰ ਭੈਣੀ ਬਾਘਾ, ਸੰਘਰਸੀ ਯੋਧੇ ਦੇ ਬਲਵੰਤ ਸਿੰਘ ਫੱਕਰ ਤੇ ਬੀ ਕੇ ਯੂ ਡਕੌਂਦਾ ਦੇ ਸ਼ਿੰਦਰਪਾਲ ਕੌਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਜਮਹੂਰੀ ਹੱਕ ਖੋਹਣ ਲਈ ਕੇਂਦਰ ਸਰਕਾਰ ਨੇ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ 4 ਲੇਬਰ ਕੋਡ ਲੈ ਕੇ ਆਈ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹਨਾਂ ਚਾਰ ਲੇਬਰ ਕੋਡਾਂ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਪੱਕੀ ਨੌਕਰੀ ਦੀ ਥਾਂ “ਫਿਕਸਡ ਟਰਮ ਇੰਪਲਾਇਮੈਂਟ” ਲਾਗੂ ਹੋਵੇਗਾ,ਨੌਕਰੀ ਦੀ ਸੁਰੱਖਿਆ ਖ਼ਤਮ ਹੋ ਜਾਵੇਗੀ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ।  ਇਨ੍ਹਾਂ ਕੋਡਾਂ ਰਾਹੀਂ ਗਰੀਬੀ ਰੇਖਾ ਤੋਂ ਹੇਠਾਂ ਇਕ ਰਾਸ਼ਟਰੀ ਫਲੋਰ ਘੱਟੋ-ਘੱਟ ਮਜ਼ਦੂਰੀ ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾ ਰਿਹਾ ਹੈ, ਜਿਸ ਨਾਲ ਅਸਲ ਘੱਟੋ-ਘੱਟ ਮਜ਼ਦੂਰੀ ਦੇ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ ਹੈ। ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਹੱਕਾਂ ਤੋਂ ਵੰਚਿਤ ਕੀਤਾ ਗਿਆ ਹੈ। ਇਹ ਕੋਡ ਭਾਰਤੀ ਸੰਵਿਧਾਨ, ਅੰਤਰਰਾਸ਼ਟਰੀ ਮਜ਼ਦੂਰ ਮਿਆਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਖਿਲਾਫ਼ ਹਨ।  ਆਗੂਆਂ ਨੇ ਮੋਦੀ ਸਰਕਾਰ ਵੱਲੋਂ ਪੁਰਾਣੇ ਮਨਰੇਗਾ ਕਾਨੂੰਨ ਦੀ ਬਹਾਲੀ, ਬਿਜਲੀ ਤੇ ਬੀਜ ਬਿੱਲ ਸਮੇਤ ਮੁਕਤ ਵਪਾਰ ਸਮਝੌਤਾ ਰੱਦ ਕਰਨ ਦੀ ਮੰਗ ਕੀਤੀ ਗਈ।    ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਭੀਖੀ,ਰਤਨ ਭੋਲਾ, ਬੂਟਾ ਸਿੰਘ ਬਰਨਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਨਿਰਮਲ ਸਿੰਘ ਮਾਨਸਾ, ਗਗਨਦੀਪ ਸ਼ਰਮਾ, ਕ੍ਰਿਸ਼ਨਾ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *