ਮਲੇਸ਼ੀਆ ਪੁਲਸ ਵਲੋਂ ਕਤਲ ਕਰਨ ਦੇ ਦੋਸ਼ ‘ਚ 8 ਪੰਜਾਬੀ ਗਿ੍ਫ਼ਤਾਰ, ਇਕ ਮਲੇਸ਼ੀਅਨ ਫਰਾਰ
ਜਗਰਾਉ, ਗੁਰਦਾਸਪੁਰ, 10 ਦਸੰਬਰ (ਸਰਬਜੀਤ ਸਿੰਘ)– ਜਗਰਾਓ ਨੇੜਲੇ ਪਿੰਡ ਗਾਲਿਬ ਖੁਰਦ ਦੇ ਇਕ 23 ਸਾਲਾ ਨੌਜ਼ਵਾਨ ਦਾ ਮਲੇਸ਼ੀਆ ‘ਚ ਪੈਸ਼ਿਆਂ ਦੇ ਲਾਲਚ ਵਿਚ ਆ ਕੇ ਉਸ ਦੇ ਚਾਚੇ ਵਲੋਂ ਸਾਥੀਆਂ ਨਾਲ ਮਿਲਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਨੌਜ਼ਵਾਨ ਦੀ ਮੌਤ ਨੂੰ ਕਾਤਲਾਂ ਵਲੋਂ ਕੁਦਰਤੀ ਹਾਦਸਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਵਲੋਂ ਹੁਸ਼ਿਆਰੀ ਨਾਲ ਚਾਚੇ ਸਮੇਤ 8 ਪੰਜਾਬੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਜਦਕਿ ਇਕ ਮਲੇਸ਼ੀਅਨ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਡੇਢ ਸਾਲ ਪਹਿਲਾਂ ਰੋਜੀ-ਰੋਟੀ ਲਈ ਮਲੇਸ਼ੀਆ ਗਿਆ ਸੀ। ਮਿ੍ਤਕ ਦੇ ਭਰਾ ਸੁਖਮਿੰਦਰ ਸਿੰਘ ਤੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੂੰ ਮਲੇਸ਼ੀਆ ‘ਚ ਸੱਦਣ ਵਾਲੇ ਚਾਚੇ ਜਗਦੇਵ ਸਿੰਘ ਨੇ ਪੈਸ਼ਿਆਂ ਦੇ ਲਾਲਚ ਵਿਚ ਆ ਕੇ ਹੀ ਇਕ ਮਲੇਸ਼ੀਅਨ ਸਮੇਤ 9 ਵਿਅਕਤੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ, ਹਾਲਾਂਕਿ ਮਾਰਨ ਵਾਲਾ ਉਸ ਦਾ ਸਕਾ ਚਾਚਾ ਨਹੀਂ ਪਰ ਇੱਕੋ ਪਿੰਡ ਦੇ ਹੋਣ ਕਾਰਨ ਉਸ ਨੂੰ ਮਿ੍ਤਕ ਸਮੇਤ ਸਾਰੇ ਭੈਣ ਭਰਾ ਚਾਚਾ ਆਖਦੇ ਸਨ। ਪਿਛਲੇ ਡੇਢ ਸਾਲ ਤੋਂ ਜਸਪ੍ਰੀਤ ਸਿੰਘ ਦੀ ਸਾਰੀ ਮਿਹਨਤ, ਮਜ਼ਦੂਰੀ ਦੀ ਕਮਾਈ ਉਸ ਦੇ ਚਾਚੇ ਜਗਦੇਵ ਸਿੰਘ ਕੋਲ ਹੀ ਸੀ। ਬੀਤੀ 1 ਦਸੰਬਰ ਦੀ ਰਾਤ ਨੂੰ ਜਗਦੇਵ ਸਿੰਘ ਨੇ ਇਕ ਮਲੇਸ਼ੀਅਨ ਅਤੇ 7 ਹੋਰ ਉਸ ਦੇ ਨਾਲ ਰਹਿੰਦੇ ਪੰਜਾਬੀ ਨੌਜਵਾਨਾਂ ਨਾਲ ਮਿਲ ਕੇ ਜਸਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਅਨੁਸਾਰ ਕਾਤਲਾਂ ਵਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ ਕਿ ਉਨ੍ਹਾਂ ਨੇ ਪੈਸਿਆਂ ਦੇ ਲਾਲਚ ਵਿਚ ਆਕੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਕਤਲ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ, ਪੂਰੇ ਪਿੰਡ ਤੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਮਿ੍ਤਕ ਦੇ ਪਰਿਵਾਰ ਤੇ ਪਿੰਡ ਦੀ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਜਸਪ੍ਰੀਤ ਦੀ ਲਾਸ਼ ਨੂੰ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ ਹੈ।