30 ਮਾਰਚ ਅਤੇ 2 ਅਪ੍ਰੈਲ ਦੇ ਧਰਨਿਆ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਗੁਰਦਾਸਪੁਰ

ਧਾਰੀਵਾਲ 27 ਮਾਰਚ (ਸਰਬਜੀਤ ਸਿੰਘ )– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਮੀਟਿੰਗ ਕਿਸਾਨ ਆਗੂ ਰਜਿੰਦਰ ਸਿੰਘ ਜਫਰਵਾਲ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਪ੍ਰਧਾਨ ਬਾਬਾ ਕਵਲਜੀਤ ਸਿੰਘ ਪੰਡੋਰੀ, ਬੀਕੇਯੂ ਸਿੱਧੂਪੁਰ ਦੇ ਜਿਲਾ ਪ੍ਰਧਾਨ ਗੁਲਾਬ ਸਿੰਘ ਚੰਦੂ ਮਾਝਾ, ਲੋਕ ਇਨਸਾਫ ਮੋਰਚੇ ਤੋਂ ਸੋਨੂੰ ਔਲਖ ਅਤੇ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਸ਼ਾਮਿਲ ਹੋਏ।
ਕਿਸਾਨਾਂ ਦੀਆਂ ਜਮੀਨਾਂ ਦੀਆਂ ਨਿਲਾਮੀਆਂ ਰੋਕਣ ਲਈ 30 ਮਾਰਚ ਨੂੰ ਪ੍ਰਾਇਮਰੀ ਐਗਰੀਕਲਚਰ ਡਿਵੈਲਪਮੈਂਟ ਬੈਂਕ ਗੁਰਦਾਸਪੁਰ ਦੇ ਸਾਹਮਣੇ ਧਰਨਾ ਲਗਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਣ ਦੇ ਪ੍ਰੋਗਰਾਮ ਅਤੇ 2 ਅਪ੍ਰੈਲ ਨੂੰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਲੈਣ, ਐਮ ਐਸ ਪੀ ਦੀ ਗਰੰਟੀ ਕਾਨੂੰਨ ਬਣਾਉਣ, ਕਿਸਾਨ ਮਜ਼ਦੂਰ ਨੂੰ ਕਰਜ ਮੁਕਤ ਕਰਨ, ਸ਼ੰਬੂ ਖਨੌਰੀ ਮੋਰਚੇ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ, ਬਿਜਲੀ ਸੋਧ ਬਿਲ, ਸੀਡ ਬਿਲ, ਚਿੱਪ ਵਾਲੇ ਮੀਟਰ, ਮਨਰੇਗਾ ਦੀ ਬਹਾਲੀ,ਹੜਾਂ ਨਾਲ ਖਰਾਬ ਹੋਈਆਂ ਫਸਲਾਂ ਦਾ ਰਹਿੰਦਾ ਮੁਆਵਜਾ ਲੈਣ, ਮੋਰਚੇ ਦੀਆਂ ਸਾਰੀਆਂ ਮੰਗਾਂ ਅਤੇ ਜਿਲਿਆਂ ਦੀਆਂ ਸਥਾਨਕ ਮੰਗਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵਿਖੇ ਧਰਨਾ ਦੇ ਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪੇ ਜਾਣ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਆਗੂਆਂ ਅਤੇ ਜਿਲਾ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਘੋਸ਼ਿਤ ਕਿਸਾਨਾਂ ਦੀਆਂ ਜਮੀਨਾਂ ਨਿਲਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਜਿਸ ਤੋਂ ਪ੍ਰੇਸ਼ਾਨ ਹੋ ਕੇ ਫਰੀਦਕੋਟ ਜਿਲੇ ਦੇ ਦੋ ਸਕੇ ਭਰਾਵਾਂ ਨੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਕਿਹਾ ਮੋਰਚਾ ਮੰਗ ਕਰਦਾ ਹੈ ਕਿ ਡਿਫਾਲਟਰ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇ ਅਤੇ ਕਿਸੇ ਵੀ ਸੂਰਤ ਵਿੱਚ ਮੋਰਚਾ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਨਹੀਂ ਹੋਣ ਦੇਵੇਗਾ। ਸਰਕਾਰ ਦੇ ਉਕਤ ਫੈਸਲੇ ਦੇ ਵਿਰੁੱਧ 30 ਮਾਰਚ ਨੂੰ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਗੁਰਦੁਆਰਾ ਬਾਬਾ ਟਹਿਲ ਸਿੰਘ ਜੀ ਵਿਖੇ ਇਕੱਤਰ ਹੋ ਕੇ ਪੈਦਲ ਮਾਰਚ ਕਰਦੇ ਹੋਏ ਲੈਂਡ ਮਾਰਟਗੇਜ ਬੈਂਕ ਦੇ ਸਾਹਮਣੇ ਧਰਨਾ ਦੇਣਗੇ ਅਤੇ ਧਰਨਾ ਦੇਣ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਜਾਵੇਗਾ। 2 ਅਪ੍ਰੈਲ ਦੇ ਧਰਨੇ ਦਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਦੱਸਿਆ ਜਾਵੇਗਾ।ਇਸ ਮੌਕੇ ਹਰਪਾਲ ਸਿੰਘ ਡੇਹਰੀਵਾਲ, ਦਲਜੀਤ ਸਿੰਘ ਸਿੱਧਵਾਂ, ਬਲਵਿੰਦਰ ਸਿੰਘ ਸਿੱਧੂ, ਮਲਕੀਤ ਸਿੰਘ, ਡਾ ਜਸਵੰਤ ਸਿੰਘ, ਜਸਬੀਰ ਸਿੰਘ ਸਾਹ, ਬਲਵਿੰਦਰ ਸਿੰਘ ਚਾਹਲ, ਦਿਆਲ ਸਿੰਘ, ਨਿਹਾਲ ਸਿੰਘ, ਕਵਲਜੀਤ ਸਿੰਘ ਬਿਧੀਪੁਰ, ਤਰਲੋਕ ਸਿੰਘ ਜਫਰਵਾਲ ਅਤੇ ਸਤਨਾਮ ਸਿੰਘ ਸ਼ਾਮਿਲ ਰਹੇ।

Leave a Reply

Your email address will not be published. Required fields are marked *