ਅੰਮ੍ਰਿਤਸਰ ਪੁਲਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਅੱਤ ਦਰਜੇ ਦੀ ਸ਼ਰਮਨਾਕ ਘਟਨਾ – ਭੋਜਰਾਜ

ਮਾਝਾ

ਪੁਲਸ ਲਾਠੀ ਚਾਰਜ ਵਿੱਚ ਕਈ ਕਿਸਾਨ ਹੋਏ ਜ਼ਖਮੀ

ਅੰਮ੍ਰਿਤਸਰ, ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੱਕਾ ਧਰਨਾ ਲਗਾਉਣ ਵਾਸਤੇ ਜਾ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਨੂੰ ਪੰਜਾਬ ਪੁਲਸ ਨੇ ਰਸਤੇ ਵਿੱਚ ਰੋਕ ਕੇ ਉਹਨਾਂ ਤੇ ਜਬਰਦਸਤ ਲਾਠੀ ਚਾਰਜ ਕੀਤਾ ਜਿਸ ਨਾਲ ਕਈ ਕਿਸਾਨ ਗੰਭੀਰ ਜਖਮੀ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪਿਛਲੇ ਸਾਲ 19 ਮਾਰਚ ਨੂੰ ਸ਼ੰਭੂ ਅਤੇ ਖਨੌਰੀ ਮੋਰਚਿਆਂ ਦੀ ਸਰਕਾਰ ਦੇ ਨਿਰਦੇਸ਼ਾਂ ਉੱਤੇ ਜੋ ਲੁੱਟ ਖਸੁੱਟ ਹੋਈ ਸੀ ਉਸ 3 ਕਰੋੜ 77 ਲੱਖ ਦੀ ਰਕਮ ਦੀ ਭਰਪਾਈ ਕਰਨ ਦੀ ਗੱਲ ਸਰਕਾਰ ਨੇ ਮੰਨੀ ਸੀ। ਹੁਣ ਤੱਕ ਨਾ ਤਾਂ ਸਰਕਾਰ ਨੇ ਉਕਤ ਰਕਮ ਦੀ ਭਰਪਾਈ ਕੀਤੀ ਅਤੇ ਇਸ ਸਬੰਧੀ ਕਿਸਾਨਾਂ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ। ਰੋਸ ਵਜੋਂ ਕਿਸਾਨ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਪੱਕਾ ਧਰਨਾ ਲਗਾਉਣ ਵਾਸਤੇ ਜਾ ਰਹੇ ਸਨ। ਪਰ ਪੰਜਾਬ ਸਰਕਾਰ ਨੇ ਭਾਰੀ ਪੁਲਸ ਦੇ ਪ੍ਰਬੰਧ ਕਰਕੇ ਕਿਸਾਨਾਂ ਨੂੰ ਰਾਮ ਤੀਰਥ ਰੋਡ ਤੇ ਬਾਈਪਾਸ ਦੇ ਨੇੜੇ ਰੋਕਿਆ ਹੋਇਆ ਹੈ ਅਤੇ ਅੱਗੇ ਵੱਧ ਰਹੇ ਕਿਸਾਨਾਂ ਉੱਤੇ ਪੁਲਸ ਨੇ ਬਲ ਦਾ ਪ੍ਰਯੋਗ ਕਰਦਿਆਂ ਹੋਇਆਂ ਦਰਜ਼ਨਾਂ ਕਿਸਾਨਾਂ ਨੂੰ ਗਿਰਫ਼ਤਾਰ ਕੀਤਾ ਅਤੇ ਕਈ ਕਿਸਾਨਾਂ ਨੂੰ ਜਖਮੀ ਕੀਤਾ ਹੈ ਜੋ ਕਿ ਪੰਜਾਬ ਸਰਕਾਰ ਦੀ ਅੱਤ ਦਰਜੇ ਦੀ ਸ਼ਰਮਨਾਕ ਘਟਨਾ ਹੈ। ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਕਿਸਾਨਾਂ ਉੱਤੇ ਬਲ ਪ੍ਰਯੋਗ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।

ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਸਰਕਾਰ ਸ਼ੰਭੂ ਅਤੇ ਖਨੌਰੀ ਮੋਰਚਿਆਂ ਉੱਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰੇ। ਪੰਜਾਬ ਜੋ ਸਿਰਫ ਪੁਲਸ ਸਟੇਟ ਬਣ ਕੇ ਰਹਿ ਗਿਆ ਹੈ ਜਿੱਥੇ ਆਪਣੇ ਹੱਕ ਮੰਗਣ ਵਾਲੇ ਲੋਕਾਂ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਪੁਲਸ ਬਲ ਦੇ ਨਾਲ ਦਬਾਇਆ ਜਾ ਰਿਹਾ ਹੈ। ਪੁਲਸ ਦੀ ਇਹ ਕਾਰਵਾਈ ਲੋਕਾਂ ਦੀ ਆਜ਼ਾਦੀ ਉੱਤੇ ਵੱਡਾ ਹਮਲਾ ਹੈ।

Leave a Reply

Your email address will not be published. Required fields are marked *