ਤਪਾ ਮੰਡੀ, ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਅੱਜ ਇੱਥੇ ਪੁਰਾਣੀ ਅਨਾਜ਼ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਮਰਾਜਵਾਦ ਵਿਰੋਧੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਬੀਕੇਯੂ ਡਕੌਂਦਾ ਬੁਰਜਗਿੱਲ ਦੇ ਆਗੂ ਦਰਸ਼ਨ ਸਿੰਘ ਮਹਿਤਾ, ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ ਦੇ ਆਗੂ ਲਾਭ ਸਿੰਘ ਅਕਲੀਆ , ਗੁਰਜੰਟ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਪ੍ਰੀਤ ਸਿੰਘ ਰੂੜੇਕੇ , ਮੋਹਨ ਸਿੰਘ ਰੂੜੇਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਦਿ ਆਗੂਆਂ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਸ਼ਹੀਦ ਭਗਤ ਅਤੇ ਉਸਦੇ ਸਾਥੀਆਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਸਰੂ ਵਰਗੀਆਂ ਜਵਾਨੀਆਂ ਵਾਰ ਦਿੱਤੀਆਂ। ਅੱਜ ਉਹਨਾਂ ਨੂੰ ਦੇਸ਼ -ਵਿਦੇਸ਼ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਮਹਾਨ ਸ਼ਹੀਦਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ, ਪਰ ਅੱਜ ਮੁੜ ਭਾਰਤ ਸਾਮਰਾਜੀਆਂ ਦੇ ਪੂਰੀ ਤਰ੍ਹਾਂ ਗੁਲਾਮ ਬਣ ਗਿਆ ਹੈ। ਹਰ ਖੇਤਰ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਅੱਜ ਦੇਸ਼ ਵਿੱਚ ਸਾਮਰਾਜਵਾਦੀਆਂ ਅਤੇ ਵੱਡੇ ਕਾਰਪੋਰੇਟਾਂ ਦੇ ਇਸ਼ਾਰੇ ਤੇ ਵੱਡੇ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਵਿੱਦਿਆ ਦਾ ਭਗਵਾਂਕਰਨ ਕਰ ਰਹੀ ਹੈ, ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਹੋ ਗਏ ਹਨ, ਕਿਸਾਨ ਵਿਰੋਧੀ ਖੇਤੀ ਕਾਨੂੰਨ ਪਾਸ ਕਰਕੇ ਕਿਸਾਨਾਂ ਤੋਂ ਜ਼ਮੀਨਾਂ ਖੋਹਈਆਂ ਜਾਂ ਰਹੀਆਂ ਹਨ। ਅੱਜ ਦੇ ਇਕੱਠ ਵਿੱਚ ਵੱਡੇ ਪੱਧਰ ‘ਤੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਸ਼ਾਮਲ ਹੋਈਆਂ, ਜਿਨ੍ਹਾਂ ਨੇ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਦਾ ਕਾਨੂੰਨ ਮੁੜ ਬਹਾਲ ਕੀਤਾ ਜਾਵੇ, ਨਵਾਂ ਬਿਜਲੀ ਐਕਟ 2025 ਅਤੇ ਨਵਾਂ ਬੀਜ਼ ਐਕਟ ਤੁਰੰਤ ਰੱਦ ਕਰੋ। ਮਹਿੰਗਾਈ ਅਤੇ ਬੇਰੁਜ਼ਗਾਰੀ ਉੱਪਰ ਰੋਕ ਲਗਾਓ। ਅੱਜ ਦੀ ਕਨਵੈਨਸ਼ਨ ਨੂੰ ਨਰਿੰਦਰ ਕੌਰ ਮਾਨਸਾ, ਨਛੱਤਰ ਸਿੰਘ ਰਾਮਨਗਰ, ਗੁਰਮੇਲ ਸ਼ਰਮਾ, ਸੁਖਦੇਵ ਸਿੰਘ ਭਦੌੜ, ਹਰਜਿੰਦਰ ਸਿੰਘ ਚੀਮਾ, ਲਖਵੀਰ ਸਿੰਘ ਦੁੱਲਮਸਰ, ਨਇਬ ਸਿੰਘ ਟੱਲੇਵਾਲ, ਸ਼ਿੰਦਰ ਕੌਰ ਹਰੀਗੜ੍ਹ, ਹਰਚਰਨ ਸਿੰਘ ਸੁਖਪੁਰਾ, ਜੱਗਾ ਸਿੰਘ ਬਦਰਾ ਆਦਿ ਆਗੂਆਂ ਨੇ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਗਸੀਰ ਸਿੰਘ ਸ਼ਹਿਣਾ ਨੇ ਬਾਖੂਬੀ ਨਿਭਾਈ।


