ਖਾਮਨੇਈ ਨੂੰ ਸ਼ਹੀਦ ਕਰਨ ਦੀ ਅਮਰੀਕਾ ਇਜ਼ਰਾਈਲ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ-ਸੁਖਦਰਸ਼ਨ ਸਿੰਘ ਨੱਤ
.
ਮਾਨਸਾ, ਗੁਰਦਾਸਪੁਰ, 1 ਮਾਰਚ (ਸਰਬਜੀਤ ਸਿੰਘ)– ਅਮਰੀਕਾ-ਇਜ਼ਰਾਈਲ ਹਮਲਾਵਰ ਜੁੰਡਲੀ ਵਲੋਂ ਇਰਾਨ ਦੀ ਸਿਖਰਲੀ ਲੀਡਰਸ਼ਿਪ ਅਤੇ ਸਕੂਲੀ ਬੱਚੀਆਂ ਸਹਿਤ ਆਮ ਲੋਕਾਂ ਦੀਆਂ ਜਾਨਾਂ ਲੈਣ ਦੇ ਵਿਰੋਧ ਵਿੱਚ ਅੱਜ ਇਥੇ ਖੱਬੀਆਂ ਪਾਰਟੀਆਂ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਟਰੰਪ ਤੇ ਨੇਤਨਯਾਹੂ ਦਾ ਪੁਤਲਾ ਫੂਕਿਆ ਅਤੇ ਇਸ ਇਕਪਾਸੜ ਹਮਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਥਾਨਕ ਬੱਸ ਸਟੈਂਡ ਸਾਹਮਣੇ ਕੀਤੇ ਇਸ ਰੋਸ ਵਿਖਾਵੇ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀਪੀਐਮ ਦੇ ਜ਼ਿਲ੍ਹਾ ਆਗੂ ਘਣੀਸ਼ਾਮ ਨਿੱਕੂ, ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਮੁਸਲਿਮ ਫਰੰਟ ਪੰਜਾਬ ਵਲੋਂ ਸ਼ਿੰਗਾਰਾ ਖਾਨ ਤੇ ਰਵੀ ਖਾਨ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਗੁਰਸੇਵਕ ਮਾਨ, ਬਿੰਦਰ ਕੌਰ ਉੱਡਤ, ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਕੇਵਲ ਸਿੰਘ, ਆਟੋ ਰਿਕਸ਼ਾ ਯੂਨੀਅਨ ਵਲੋਂ ਪ੍ਰਧਾਨ ਗੋਗੀ ਸਿੰਘ ਅੰਗਰੇਜ਼ ਘਰਾਂਗਣਾ , ਰਾਜੀਵ ਕੁਮਾਰ ਅਤੇ ਕਰਨੈਲ ਸਿੰਘ ਮਾਨਸਾ, ਸੁਖਚਰਨ ਦਾਨੇਵਾਲੀਆ ਤੇ ਮਨਜੀਤ ਸਿੰਘ ਸੋਢੀ ਹਾਜ਼ਰ ਸਨ।
ਇਸ ਰੋਸ ਵਿਖਾਵੇ ਨੂੰ ਸੰਬੋਧਨ ਕਰਦੇ ਹੋਏ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਰਾਨ ਨੇ ਨਾ ਕਿਸੇ ਹੋਰ ਦੇਸ਼ ਉਤੇ ਕਬਜ਼ਾ ਕੀਤਾ ਹੈ ਨਾ ਕੋਈ ਹਮਲਾ, ਬਿਨਾਂ ਕਿਸੇ ਭੜਕਾਹਟ ਤੋਂ ਉਸ ਉਤੇ ਭਿਆਨਕ ਹਮਲਾ ਕਰਕੇ ਟਰੰਪ ਜੁੰਡਲੀ ਵਲੋਂ ਇਰਾਨ ਦੀ ਸਾਰੀ ਮੋਹਰੀ ਲੀਡਰਸ਼ਿਪ ਨੂੰ ਸ਼ਹੀਦ ਕਰ ਦੇਣਾ ਸ਼ਰੇਆਮ ਕੌਮਾਂਤਰੀ ਪੱਧਰ ‘ਤੇ ਗੁੰਡਾਗਰਦੀ ਹੈ। ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਅਮਰੀਕਾ ਸੰਸਾਰ ਦੇ ਸਾਰੇ ਤੇਲ ਭੰਡਾਰਾਂ ਅਤੇ ਹੋਰ ਕੁਦਰਤੀ ਸਰੋਤਾਂ ਉਤੇ ਕਬਜ਼ਾ ਕਰਨ ਦੀ ਲੁਟੇਰੀ ਸਾਮਰਾਜੀ ਨੀਤੀ ਉੱਤੇ ਚੱਲ ਰਿਹਾ ਹੈ। ਉਹ ਪਹਿਲਾਂ ਹੀ ਇਰਾਕ, ਲਿਬੀਆ, ਸੀਰੀਆ ਤੇ ਵੇਨੇਜ਼ੁਏਲਾ ਨੂੰ ਲੁੱਟ ਰਿਹਾ ਹੈ। ਇਰਾਨ ਉਤੇ ਵੀ ਬਿਨਾਂ ਕਿਸੇ ਭੜਕਾਹਟ ਦੇ ਟਰੰਪ ਨੇ ਉਸ ਦਾ ਤੇਲ ਲੁੱਟਣ ਤੇ ਉਥੇ ਅਪਣੀ ਦਲਾਲ ਸਰਕਾਰ ਬਣਾਉਣ ਦੇ ਉਦੇਸ਼ ਨਾਲ ਹੀ ਹਮਲਾ ਕੀਤਾ ਹੈ। ਜੇਕਰ ਦੁਨੀਆਂ ਦੀ ਇਨਸਾਫਪਸੰਦ ਜਨਤਾ ਅਤੇ ਸਰਕਾਰਾਂ ਨੇ ਉਸ ਦਾ ਮੂੰਹ ਨਾ ਭੰਨਿਆ, ਤਾਂ ਬਿਨਾਂ ਸ਼ੱਕ ਟਰੰਪ ਕਿਊਬਾ ਨੂੰ ਅਗਲਾ ਨਿਸ਼ਾਨਾ ਬਣਾਵੇਗਾ। ਘਣੀ ਸ਼ਾਮ ਨਿੱਕੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਕੁਝ ਦਿਨ ਪਹਿਲਾਂ ਹੀ ਗਾਜ਼ਾ ਵਿੱਚ ਸੱਤਰ ਹਜ਼ਾਰ ਤੋਂ ਵੱਧ ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਬੁੱਚੜ ਨੇਤਨਯਾਹੂ ਨਾਲ ਜੱਫੀਆਂ ਪਾਉਣ ਦੀ ਸਖ਼ਤ ਆਲੋਚਨਾ ਕੀਤੀ। ਕ੍ਰਿਸ਼ਨ ਚੌਹਾਨ ਦਾ ਕਹਿਣਾ ਸੀ ਕਿ ਇਹ ਇਕ ਸੰਕੇਤਕ ਰੋਸ ਪ੍ਰਦਰਸ਼ਨ ਸੀ, ਸਮੂਹ ਧਰਮ ਨਿਰਪੱਖ ਜਮਹੂਰੀ ਤੇ ਸਾਮਰਾਜ ਵਿਰੋਧੀ ਤਾਕਤਾਂ ਵਲੋਂ ਮਿਲ ਕੇ ਆਉਂਦੇ ਦਿਨਾਂ ਵਿੱਚ ਟਰੰਪ ਤੇ ਨੇਤਨਯਾਹੂ ਖਿਲਾਫ ਹੋਰ ਵੀ ਵਿਸ਼ਾਲ ਪ੍ਰੋਟੈਸਟ ਕੀਤੇ ਜਾਣਗੇ। ਰਵੀ ਖਾਨ ਨੇ ਕਿਹਾ ਕਿ ਸ਼ਹੀਦ ਖਾਮਨੇਈ ਸਿਰਫ਼ ਇਰਾਨ ਦਾ ਨਹੀਂ ਸੀ, ਉਹ ਸੰਸਾਰ ਭਰ ਦੇ ਸ਼ੀਆ ਮੁਸਲਮਾਨਾਂ ਦਾ ਇਕ ਸਤਿਕਾਰਤ ਧਾਰਮਿਕ ਆਗੂ ਸੀ। ਇਜ਼ਰਾਈਲ ਅਮਰੀਕਾ ਨੂੰ ਉਨ੍ਹਾਂ ਦੀ ਜਾਨ ਲੈਣ ਦੀ ਵੱਡੀ ਕੀਮਤ ਤਾਰਨੀ ਪਵੇਗੀ।


