ਬਰਨਾਲਾ, ਗੁਰਦਾਸਪੁਰ,18 ਫਰਵਰੀ (ਸਰਬਜੀਤ ਸਿੰਘ)– ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਅੱਜ ਆਪਣੇ ਦੋ ਆਗੂਆਂ ਦੀ ਰਿਹਾਈ ਨੂੰ ਲੈਕੇ ਬਠਿੰਡਾ ਵਿਖੇ ਰੋਸ਼ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਧਰਨੇ ਨੂੰ ਅਸਫ਼ਲ ਬਨਾਉਣ ਲਈ ਵੱਖ ਵੱਖ ਜ਼ਿਲ੍ਹਿਆਂ ਵਿੱਚ ਰਾਤ ਭਰ ਤੋਂ ਹੀ ਕਿਸਾਨ ਆਗੂਆਂ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਵੱਲੋਂ ਸਰਕਾਰ ਦੇ ਇਸ ਵਹਿਸ਼ੀ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਕਈ ਪਿੰਡਾਂ ਵਿੱਚ ਹਾਲਾਤ ਅਣਸੁਖਾਵੇਂ ਬਣੇ ਹੋਏ ਹਨ, ਕਿਸਾਨਾਂ ਵੱਲੋਂ ਆਪਣੇ ਜਮਹੂਰੀ ਅਧਿਕਾਰਾਂ ਤਹਿਤ ਸ਼ਾਂਤਮਈ ਧਰਨਾ ਦੇਣਾ ਸੀ, ਜੋ ਉਹਨਾਂ ਦਾ ਕਾਨੂੰਨੀ ਹੱਕ ਵੀ ਹੈ ਪਰ ਭਗਵੰਤ ਮਾਨ ਸਰਕਾਰ ਪੁਲਿਸ ਦੇ ਜ਼ੋਰ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਜ਼ਬਰੀ ਦਵਾਉਣਾ ਚਹੁੰਦੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਮੋਦੀ ਸਰਕਾਰ ਦੇ ਫਾਸ਼ੀ ਰਾਹ ਤੇ ਚੱਲ ਪਈ ਹੈ। ਆਗੂਆਂ ਨੇ ਕਿਹਾ ਕਿ ਜ਼ਬਰ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਦਵਾਇਆ ਨਹੀਂ ਜਾ ਸਕਦਾ, ਬਲਕਿ ਇਸ ਨਾਲ ਤਾਂ ਲੋਕਾਂ ਦਾ ਗੁੱਸਾ ਹੋਰ ਵਧੇਗਾ ਅਤੇ ਆਉਣ ਵਾਲੀਆਂ ਚੋਣਾ ਵਿੱਚ ਲੋਕ ਭਗਵੰਤ ਮਾਨ ਦੀ ਸਰਕਾਰ ਨੂੰ ਉਸਦੇ ਕੀਤੇ ਦੀ ਸਜ਼ਾ ਦੇਣਗੇ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਲੋਕਾਂ ਦੇ ਘਰਾਂ ਵਿੱਚ ਕੀਤੀ ਜਾ ਰਹੀ ਛਾਪੇਮਾਰੀ ਬੰਦ ਕੀਤੀ ਜਾਵੇ। ਚੋਣਾ ਸਮੇਂ ਲੋਕਾਂ ਨਾਲ ਜੋੜ ਵਾਅਦੇ ਕੀਤੇ ਸਨ, ਉਹਨਾਂ ਨੂੰ ਪੂਰਾ ਕੀਤਾ ਜਾਵੇ।


