ਇਸ ਅਧਾਰਹੀਣ ਮਾਮਲੇ ਨੂੰ ਹਵਾ ਦੇ ਕੇ ਫਿਰਕੂ ਤਾਕਤਾਂ ਮਾਨਸਾ ਦੀ ਭਾਈਚਾਰਕ ਸਦਭਾਵਨਾ ਨੂੰ ਪਲੀਤਾ ਲਾਉਣ ਦੀ ਫਿਰਾਕ ਵਿੱਚ
ਮਾਨਸਾ, ਗੁਰਦਾਸਪੁਰ, 23 ਫਰਵਰੀ (ਸਰਬਜੀਤ ਸਿੰਘ)– ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਮਾਨਸਾ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮਾਨਸਾ ਪਿੰਡ ਦੇ ਪੁਰਾਤਨ ਸਾਂਝੇ ਖੂਹ ਵਾਲੀ ਥਾਂ ‘ਤੇ ਉਸਰੇ ਖ਼ੁਆਜਾ ਵਲੀ ਦੀ ਜਗ੍ਹਾ ਨੂੰ ਛੇੜਨ ਦੀ ਕੋਸ਼ਿਸ਼ ਨਾ ਕਰੇ, ਵਰਨਾ ਸ਼ਹਿਰ ਤੇ ਮੁਹੱਲਾ ਵਾਸੀਆਂ ਨਾਲ ਮਿਲ ਕੇ ਕਿਸਾਨ ਜਥੇਬੰਦੀਆਂ ਇਥੇ ਮੋਰਚਾ ਲਾਉਣ ਲਈ ਮਜਬੂਰ ਹੋਣਗੀਆਂ।
ਅੱਜ ਸ਼ਾਮ ਇਸ ਸਥਾਨ ਉਤੇ ਆਸ ਪਾਸ ਦੇ ਕਿਸਾਨਾਂ ਮਜ਼ਦੂਰਾਂ ਅਤੇ ਸ਼ਰਧਾਲੂ ਔਰਤਾਂ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਹ ਖੂਹ ਮਾਨਸਾ ਪਿੰਡ ਦੇ ਸੌ ਸਾਲ ਤੋਂ ਵੱਧ ਪੁਰਾਣੇ ਖੂਹਾਂ ਵਿਚੋਂ ਇਕ ਸੀ, ਜ਼ੋ ਪਿੰਡ ਵਾਸੀਆਂ ਨੇ ਮਿਲ ਕੇ ਸ਼ਾਮਲਾਤ ਵਿੱਚ ਲਾਇਆ ਸੀ, ਕਰੀਬ 60-61 ਸਾਲ ਪਹਿਲਾਂ ਸ਼ਹਿਰ ਵਿੱਚ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਚਾਲੂ ਹੋਣ ਤੋਂ ਬਾਅਦ ਇਸ ਖੂਹ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਹ ਥਾਂ ਪਿੰਡ ਵਾਲਿਆਂ ਵਲੋਂ ਸੱਥ ਦੇ ਤੌਰ ‘ਤੇ ਵਰਤਿਆ ਜਾਣ ਲੱਗਾ। ਇਸੇ ਕਰਕੇ ਇਹ ਚੁਗ਼ਲੀ ਘਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਕਰੀਬ 9 ਸਾਲ ਪਹਿਲਾਂ ਭਾਰੀ ਬਾਰਿਸ਼ ਕਾਰਨ ਜਦੋਂ ਪਾਣੀ ਆਸ ਪਾਸ ਦੇ ਘਰਾਂ ਵਿੱਚ ਦਾਖ਼ਲ ਹੋਣ ਲੱਗਾ, ਤਾਂ ਅਚਾਨਕ ਇਹ ਪੁਰਾਣਾ ਖੂਹ ਮੁੜ ਖੁੱਲ੍ਹ ਗਿਆ ਅਤੇ ਦੂਰ ਤੱਕ ਇਕੱਠਾ ਹੋਇਆ ਮੀਂਹ ਦਾ ਪਾਣੀ ਅਪਣੇ ਅੰਦਰ ਖਿੱਚ ਕੇ ਇਸ ਨੇ ਆਲੇ ਦੁਆਲੇ ਦੇ ਮੁਹੱਲਿਆਂ ਨੂੰ ਡੁੱਬਣ ਤੋਂ ਬਚਾ ਲਿਆ। ਉਸ ਪਿੱਛੋਂ ਹੀ ਲੋਕਾਂ ਨੇ ਇਸ ਜਗ੍ਹਾ ਨੂੰ ਖ਼ੁਆਜਾ ਵਲੀ ਵਜੋਂ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਢਾਲ ਬਾਸ਼ ਇਕੱਠੀ ਕਰਕੇ ਇਥੇ ਖ਼ੁਆਜਾ ਵਲੀ ਦਾ ਸ਼ਾਨਦਾਰ ਸਥਾਨ ਉਸਾਰ ਦਿੱਤਾ। ਪਰ ਹੁਣ ਇਕ ਸੁਆਰਥੀ ਧਨਾਢ ਟੱਬਰ ਨੇ ਕਾਨੂੰਨ ਨੂੰ ਗੁੰਮਰਾਹ ਕਰਕੇ ਚੋਰੀ ਚੋਰੀ ਅਦਾਲਤ ਤੋਂ ਇਸ ਸਥਾਨ ਨੂੰ ਢਾਹੁਣ ਦੇ ਹੁਕਮ ਲੈ ਲਏ, ਜਦੋਂ ਕਿ ਉਸ ਟੱਬਰ ਦਾ ਇਸ ਸਥਾਨ ਉਤੇ ਕਿਸੇ ਕਿਸਮ ਦਾ ਕੋਈ ਹੱਕ ਨਹੀਂ ਹੈ। ਇਸ ਲਈ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਬੀਕੇਯੂ ਲੱਖੋਵਾਲ ਦੇ ਸੀਨੀਅਰ ਸੂਬਾਈ ਆਗੂ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਮਾਨਸਾ ਭਾਈਚਾਰਕ ਸਾਂਝ ਦੀ ਮਿਸਾਲ ਹੈ ਅਤੇ ਅਸੀਂ ਇਕ ਪਰਿਵਾਰ ਦੇ ਨਿੱਜੀ ਸੁਆਰਥ ਲਈ ਇਥੇ ਇਸ ਸਾਂਝ ਵਿੱਚ ਕੋਈ ਤ੍ਰੇੜ ਨਹੀਂ ਪੈਣ ਦੇਵਾਂਗੇ। ਜੇਕਰ ਪ੍ਰਸ਼ਾਸਨ ਟ੍ਰੈਫਿਕ ਵਿੱਚ ਰੁਕਾਵਟ ਦੀ ਦਲੀਲ ਦਿੰਦਾਂ ਹੈ, ਤਾਂ ਸਾਡੀ ਮੰਗ ਹੈ ਕਿ ਸਿਰਫ਼ ਇਕੋ ਧਾਰਮਿਕ ਜਗ੍ਹਾ ਨਹੀਂ, ਬਲਕਿ ਪੂਰੇ ਸ਼ਹਿਰ ਵਿਚੋਂ ਸੜਕਾਂ ਗਲੀਆਂ ਤੇ ਸਾਂਝੀਆਂ ਥਾਵਾਂ ਉੱਤੇ ਹੋਏ ਨਜਾਇਜ਼ ਕਬਜ਼ੇ ਹਟਾਏ ਜਾਣ। ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਜੇਕਰ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਤਾਂ ਖ਼ੁਆਜਾ ਵਲੀ ਦੇ ਇਸ ਸਥਾਨ ਨੂੰ ਤੋੜਨ ਪਿੱਛੇ ਲਾਜ਼ਮੀ ਤੌਰ ‘ਤੇ ਕਿਸੇ ਬੀਜੇਪੀ ਵਰਗੀ ਫਿਰਕੂ ਤਾਕਤ ਦਾ ਹੱਥ ਸਾਹਮਣੇ ਆਵੇਗਾ, ਕਿਉਂਕਿ ਸਿਰਫ਼ ਉਹੀ ਹੈ ਜੋ ਫਿਰਕੂ ਨਫ਼ਰਤ ਫੈਲਾ ਕੇ ਅਪਣੀ ਸਿਆਸਤ ਚਮਕਾਉਦੀਂ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਮਾਨ ਸਰਕਾਰ ਤੇ ਆਪ ਦੀ ਜ਼ਿਲ੍ਹਾ ਲੀਡਰਸ਼ਿਪ ਇਸ ਮਸਲੇ ਨੂੰ ਤੁਰੰਤ ਹੱਲ ਕਰੇ ਅਤੇ ਵਿਸਫੋਟ ਰੁੱਖ ਅਖਤਿਆਰ ਨਾ ਕਰਨ ਦੇਵੇ ।


