ਗੁਰਦਾਸਪੁਰ, 18 ਫਰਵਰੀ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਹੋਇਆ ਕਿਹਾ ਕਿ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਇੱਕ ਵਾਰ ਫਿਰ ਤੋਂ ਉਸ ਸਮੇਂ ਨੰਗਾ ਹੋਇਆ ਜਦੋਂ ਸਰਕਾਰ ਵੱਲੋਂ ਇੱਕ ਪਾਸੇ ਤਾਂ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਤੇ ਦੂਸਰੇ ਪਾਸੇ ਪੁਲਸ ਪ੍ਰਸ਼ਾਸਨ ਨੂੰ ਪਿੰਡ ਜਿਉਂਦ ਵਿਖੇ ਉਸੇ ਤਰ੍ਹਾਂ ਘਰਾਂ ਵਿੱਚ ਭੇਜ ਕੇ ਲੋਕਾਂ ਉੱਪਰ ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲੇ ਦਾਗ ਕੇ ਜ਼ੁਲਮ ਕੀਤਾ ਗਿਆ ਜਿਵੇਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾਅ ਕੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਖਨੌਰੀ, ਸ਼ੰਭੂ ਬਾਰਡਰ ਉੱਪਰ ਪੁਲਸ ਦੀਆਂ ਧਾੜਾ ਭੇਜ ਕੇ ਸਾਲ ਤੋਂ ਵੱਧ ਸਮੇਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਚੱਲ ਰਹੇ ਅੰਦੋਲਨ ਵਿੱਚ ਮੌਜੂਦ ਕਿਸਾਨਾਂ ਦੇ ਸਮਾਨ ਦੀ ਲੁੱਟ ਖੋਹ ਕਰਵਾਈ ਗਈ ਅਤੇ ਬਾਰਡਰਾਂ ਉੱਪਰ ਮੌਜੂਦ ਕਿਸਾਨਾਂ ਉੱਪਰ ਜ਼ੁਲਮ ਕੀਤਾ ਗਿਆ ਸੀ। ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਹੋਈ ਪਾਰਟੀ ਸ਼ਾਇਦ ਇਸ ਗੱਲ ਨੂੰ ਭੁੱਲ ਚੁੱਕੀ ਹੈ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਨਾਂ ਕਿ ਸਰਕਾਰਾਂ ਇਹ ਲੋਕਾਂ ਵੱਲੋਂ ਹੀ ਉਹਨਾਂ ਨੂੰ ਰਾਜ ਸੱਤਾ ਦਿੱਤੀ ਗਈ ਹੈ ਇਸ ਲਈ ਸਰਕਾਰ ਇਹ ਨਾਂ ਭੁੱਲੇ ਕਿ ਉਹ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਨੂੰ ਡਾਂਗ ਅਤੇ ਪੁਲਸ ਪ੍ਰਸ਼ਾਸਨ ਦੇ ਜ਼ੋਰ ਨਾਲ ਦਬਾਅ ਨਹੀਂ ਸਕਦੀ। ਉਹਨਾਂ ਸਰਕਾਰ ਵੱਲੋਂ ਅੱਜ ਕੀਤੇ ਅੱਤਿਆਚਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਹੋਇਆ ਕਿਹਾ ਕਿ ਸਰਕਾਰ ਤੁਰੰਤ ਗ੍ਰਿਫਤਾਰ ਕੀਤੇ ਅੰਦੋਲਨਕਾਰੀ ਕਿਸਾਨਾਂ ਨੂੰ ਰਿਹਾਅ ਕਰੇ।


