ਗੁਰਦਾਸਪੁਰ, 17 ਫਰਵਰੀ (ਸਰਬਜੀਤ ਸਿੰਘ)— ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 4 ਹਫ਼ਤਿਆਂ ਦਾ ਡੇਅਰੀ ਉਦਮ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਕੋਰਸ ਮਿਤੀ 23 ਫਰਵਰੀ ਤੋਂ 20 ਮਾਰਚ ਤੱਕ (ਚਾਰ ਹਫ਼ਤੇ) ਡੇਅਰੀ ਸਿਖਲਾਈ ਕੇਂਦਰ ਵੇਰਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚਲਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਇੰਸਪੈਕਟਰ ਗੁਰਦਾਸਪੁਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਵੱਖ-ਵੱਖ ਵਿਸ਼ਾ-ਮਾਹਿਰਾਂ ਵੱਲੋਂ ਡੇਅਰੀ ਫਾਰਮਰਾਂ ਨੂੰ ਪਸ਼ੂਆਂ ਦੀ ਸੰਭਾਲ, ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ, ਕ੍ਰਿਤ੍ਰਿਮ ਗਰਭਧਾਰਣ, ਦੁੱਧ ਤੋਂ ਦੁੱਧ ਉਤਪਾਦ ਤਿਆਰ ਕਰਨ ਦੀ ਪ੍ਰਯੋਗਾਤਮਕ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਾਡਲ ਕੈਟਲ ਸ਼ੈਡਾਂ ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ ਦੀ ਵਰਤੋਂ, ਡੇਅਰੀ ਦੇ ਧੰਦੇ ਦੇ ਮਸ਼ੀਨੀਕਰਨ ਅਤੇ ਸਰਕਾਰੀ ਸਬਸਿਡੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਸਿਖਲਾਈ ਵਿੱਚ ਭਾਗ ਲੈਣ ਲਈ ਇੱਛੁਕ ਡੇਅਰੀ ਫਾਰਮਰ ਘੱਟੋ-ਘੱਟ 10ਵੀਂ ਪਾਸ ਹੋਣ, ਉਮਰ 18 ਤੋਂ 55 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਿਤ ਹੋਣ ਅਤੇ ਘੱਟੋ-ਘੱਟ 5 ਪਸ਼ੂ ਰੱਖਦੇ ਹੋਣ ਲਾਜ਼ਮੀ ਹਨ।
ਚਾਹਵਾਨ ਫਾਰਮਰ ਮਿਤੀ 23 ਫਰਵਰੀ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰਬਰ 508, ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਵਿਖੇ ਆਪਣੇ ਅਸਲ ਯੋਗਤਾ ਸਰਟੀਫਿਕੇਟ, ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਨਾਲ ਸੰਪਰਕ ਕਰਕੇ ਫਾਰਮ ਭਰ ਸਕਦੇ ਹਨ। ਚੁਣੇ ਗਏ ਸਿਖਿਆਰਥੀਆਂ ਲਈ ਫੀਸ ਜਨਰਲ ਵਰਗ ਲਈ 5000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 4000 ਰੁਪਏ ਨਿਰਧਾਰਤ ਕੀਤੀ ਗਈ ਹੈ।


