ਬਦਨਾਮ ਅਪਸਟੀਨ ਨਾਲ ਭਾਰਤੀ ਲੀਡਰਾਂ ਅਤੇ ਕਾਰਪੋਰੇਟਾਂ ਦੇ ਸਬੰਧਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ – ਲਿਬਰੇਸ਼ਨ

ਮਾਲਵਾ

ਹਰਦੀਪ ਪੁਰੀ ਨੂੰ ਕੇਂਦਰੀ ਵਜ਼ਾਰਤ ਵਿਚੋਂ ਬਾਹਰ ਕੀਤਾ ਜਾਵੇ

ਮਾਨਸਾ, ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)— ਸੀਪੀਆਈ ਐਮ ਐਲ ਲਿਬਰੇਸ਼ਨ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਅਮਰੀਕਾ ਵਿਚ ਭਾਰਤ ਦਾ ਰਾਜਦੂਤ ਹੁੰਦੇ ਹੋਏ ਨਾਬਾਲਗ ਬੱਚੇ ਬੱਚੀਆਂ ਦਾ ਸੈਕਸ ਰੈਕੇਟ ਚਲਾਉਣ ਲਈ ਬਦਨਾਮ ਜੈਫ਼ਰੀ ਅਪਸਟੀਮ ਨਾਲ ਮੁਲਾਕਾਤਾਂ ਕਰਨ ਬਾਰੇ ਕੌਮਾਂਤਰੀ ਪੱਧਰ ‘ਤੇ ਚੱਲ ਰਹੀ ਚਰਚਾ ਬਾਰੇ ਅਪਣਾ ਪੱਖ ਸਪੱਸ਼ਟ ਕਰੇ।

ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾ ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਸ ਸਬੰਧੀ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੀਡੀਆ ਵਿੱਚ ਵੱਡੀ ਚਰਚਾ ਹੈ ਕਿ ਵਿਸ਼ਾਲ ਸੈਕਸ ਰੈਕੇਟ ਚਲਾਉਣ ਦੇ ਨਾਲ ਨਾਲ ਜੈਫ਼ਰੀ ਅਪਸਟੀਨ ਇਕ ਡੀਪ ਸਟੇਟ ਲਾਬੀਇਸਟ ਵੀ ਸੀ ਅਤੇ ਉਸ ਨੇ ਭਾਰਤ ਤੇ ਇਜ਼ਰਾਈਲ ਦਰਮਿਆਨ ਪਹਿਲੀ ਵਾਰ ਹਥਿਆਰਾਂ ਦੇ ਇਕ ਵੱਡਾ ਸੌਦਾ ਕਰਵਾਉਣ ਲਈ ਅਤੇ ਗੌਤਮ ਅਡਾਨੀ ਦੀ ਕੰਪਨੀ ਅਦਾਨੀ ਪੋਰਟਸ ਨੂੰ ਇਜ਼ਰਾਈਲ ਦੀ ਹਾਈਫਾ ਬੰਦਰਗਾਹ ਨੂੰ ਚਲਾਉਣ ਅਤੇ ਵਿਕਸਿਤ ਕਰਨ ਲਈ ਕਰੀਬ 9,800 ਕਰੋੜ ਰੁਪਏ ਦਾ ਇੱਕ ਕੰਟਰੈਕਟ ਹਾਸਲ ਕਰਨ ਲਈ ਵੀ ਲਾਬਿੰਗ ਕੀਤੀ ਸੀ। ਇਕ ਅਜਿਹੇ ਬਦਨਾਮ ਅਪਰਾਧੀ ਨਾਲ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਪੁਰੀ ਵਲੋਂ ਕਈ ਮੀਟਿੰਗਾਂ ਕਰਨ ਦਾ ਭੇਤ ਖੁੱਲ੍ਹਣ ਨਾਲ ਦੇਸ਼ ਦੀ ਸ਼ਾਖ ਨੂੰ ਭਾਰੀ ਸੱਟ ਵੱਜੀ ਹੈ। ਇਸ ਲਈ ਹਰਦੀਪ ਪੁਰੀ ਨੂੰ ਫੌਰੀ ਤੌਰ ‘ਤੇ ਕੇਂਦਰੀ ਵਜ਼ਾਰਤ ਵਿਚੋਂ ਬਾਹਰ ਕਰਕੇ ਇਸ ਕੌਮਾਂਤਰੀ ਮਾਮਲੇ ਦੀ ਲਾਜ਼ਮੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *