ਆਪ ਦੇ ਰਾਜ ਸਭਾ ਮੈਂਬਰਾਂ ਕੀਤੀ ਦਲ-ਬਦਲੀ ਰਾਜਨੀਤੀ ਵਿੱਚ ਆਏ ਨਿਘਾਰ ਦਾ ਨਮੂਨਾ

ਮਾਲਵਾ

ਦਲਬਦਲੀ ਕਰਨ ਵਾਲੇ ਮੈਂਬਰ ਨੈਤਿਕ ਅਧਾਰ ‘ਤੇ ਰਾਜ ਸਭਾ ਤੋਂ ਅਸਤੀਫ਼ੇ ਦੇਣ

ਮਾਨਸਾ, ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਸੀਪੀਆਈ (ਐਮਐਲ) ਲਿਬਰੇਸ਼ਨ ਪੰਜਾਬ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਜਿਤਾ ਕੇ ਭੇਜੇ ਗਏ ਸੱਤ ਰਾਜ ਸਭਾ ਮੈਂਬਰਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਾ ਸ਼ੁਧ ਮੌਕਾਪ੍ਰਸਤੀ ਤੇ ਰਾਜਨੀਤੀ ਵਿੱਚ ਆਏ ਨਿਘਾਰ ਦਾ ਪ੍ਰਤੱਖ ਨਮੂਨਾ ਹੈ। ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਇੰਨਾਂ ਮੈਂਬਰਾਂ ਨੂੰ ਪਹਿਲਾਂ ਅਪਣੀ ਸੰਸਦ ਮੈਂਬਰੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਐਮਪੀ ਕਿਉਂਕਿ ਬੀਜੇਪੀ ਦੇ ਵਿਰੋਧੀ ਵਿਧਾਇਕਾਂ ਦੀਆਂ ਵੋਟਾਂ ਨਾਲ ਚੁਣੇ ਗਏ ਸਨ, ਇਸ ਲਈ ਹੁਣ ਇੰਨਾਂ ਵਲੋਂ ਬੀਜੇਪੀ ਵਿੱਚ ਸ਼ਾਮਲ ਹੋਣਾ ਵੋਟਰਾਂ ਦੇ ਅਧਿਕਾਰ ਤੇ ਵਿਸ਼ਵਾਸ ਨਾਲ ਨੰਗੀ ਚਿੱਟੀ ਧੋਖਾਧੜੀ ਹੈ। ਭਾਵੇਂ ਇਹ ਐੱਮਪੀ ਆਪਣੀ ਰਾਜਨੀਤੀ ਬਦਲਣ ਲਈ ਆਜ਼ਾਦ ਹਨ, ਪਰ ਇੰਨਾਂ ਨੂੰ ਆਪਣੇ ਵੋਟਰਾਂ ਦਾ ਅਪਮਾਨ ਕਰਨ ਦਾ ਕੋਈ ਅਧਿਕਾਰ ਨਹੀਂ।
ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਵਿੱਚ ਮੋਦੀ-ਸ਼ਾਹ ਜੁੰਡਲੀ ਦੇ ਰਾਜ ਦੌਰਾਨ ਦੇਸ਼ ਦੀ ਰਾਜਨੀਤੀ ਬੁਰੀ ਤਰ੍ਹਾਂ ਏਜੰਸੀਆਂ ਰਾਹੀਂ ਕੰਟਰੋਲ ਕੀਤੀ ਜਾ ਰਹੀ ਹੈ। ਰਾਜਨੀਤੀ ਵਿੱਚ ਜ਼ਮੀਨੀ ਪੱਧਰ ਦੇ ਸਰਗਰਮ ਸਿਆਸੀ ਆਗੂਆਂ ਦੀ ਬਜਾਏ, ਪੈਸੇ ਵਾਲੇ ਕਾਰੋਬਾਰੀ ਲੋਕ ਅੱਗੇ ਆ ਗਏ ਹਨ। ਉਨ੍ਹਾਂ ਲਈ ਰਾਜਨੀਤੀ ਅਸੂਲਾਂ ਦੀ ਬਜਾਏ ਅਪਣੇ ਕਾਰੋਬਾਰਾਂ ਤੇ ਮੁਨਾਫਿਆਂ ਨੂੰ ਵਧਾਉਣ ਦਾ ਹੀ ਸਾਧਨ ਹੈ।
ਤਾਨਾਸ਼ਾਹੀ ਰੁਝਾਨ ਵਾਲੀ ਪਾਰਟੀ ਹੋਣ ਕਰਕੇ ਬੀਜੇਪੀ ਅਜਿਹੇ ਲੋਕਾਂ ਦੀਆਂ ਘਾਟਾਂ ਕਮਜ਼ੋਰੀਆਂ ਦਾ ਫਾਇਦਾ ਉਠਾਉਣ ਦੀ ਮਾਹਿਰ ਹੈ, ਜਿਸ ਕਰਕੇ ਉਹ ਕਦੇ ਵੀ ਕਿਸੇ ਪਾਰਟੀ ਦੇ ਅਜਿਹੇ ਕਾਰੋਬਾਰੀ ਪ੍ਰਤੀਨਿਧਾਂ ਨੂੰ ਤੋੜਨ ਦਾ ਮੌਕਾ ਨਹੀਂ ਖੁੰਝਾਉਦੀ। ਅਜਿਹੇ ਹਾਲਾਤ ਵਿੱਚ ਸਰਮਾਏਦਾਰ ਪਾਰਟੀਆਂ ਲਈ ਅਸੂਲਾਂ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਕੋਈ ਖ਼ਾਸ ਅਹਿਮੀਅਤ ਨਹੀਂ ਬਚੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਇਹ ਰਾਜ ਸਭਾ ਮੈਂਬਰ ਚੁਣੇ ਸਨ, ਉਸ ਵੇਲੇ ਵੀ ਟਿਕਟਾਂ ਦੇਣ ਬਦਲੇ ਕਰੋੜਾਂ ਦੇ ਲੈਣ-ਦੇਣ ਦੇ ਦੋਸ਼ ਲੱਗੇ ਸਨ, ਜਿਨ੍ਹਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਗਿਆ। ਦਲਬਦਲੀ ਕਰਨ ਵਾਲੇ ਇੰਨਾਂ ਮੈਂਬਰਾਂ ਦਾ ਨਾ ਤਾਂ ਪੰਜਾਬ ਦੇ ਹਿੱਤਾਂ ਲਈ ਲੜਨ ਬੋਲਣ ਨਾਲ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਨਾਲ ਕੋਈ ਦੂਰ ਨੇੜੇ ਦਾ ਵੀ ਸਬੰਧ ਨਹੀਂ ਰਿਹਾ। ਇਸ ਪ੍ਰਸੰਗ ਵਿੱਚ ਉਨ੍ਹਾਂ ਦੀ ਇਹ ਦਲ-ਬਦਲੀ ਕਿਸੇ ਵੀ ਤਰ੍ਹਾਂ ਹੈਰਾਨੀਜਨਕ ਨਹੀਂ ਹੈ, ਬਲਕਿ ਇਹ ਕੇਜਰੀਵਾਲ ਤੇ ਭਗਵੰਤ ਮਾਨ ਦੀ ਨਿੱਜੀ ਲਾਭਾਂ ਅਤੇ ਸੱਤਾ ਦੀ ਲਾਲਸਾ ਉਤੇ ਅਧਾਰਤ ਮੌਕਾਪ੍ਰਸਤ ਸਿਆਸੀ ਕਾਰਜਸ਼ੈਲੀ ਦਾ ਹੀ ਤਰਕਪੂਰਨ ਨਤੀਜਾ ਹੀ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਅੰਦਰ ਮੌਜੂਦ ਅਜਿਹੇ ਤਾਨਾਸ਼ਾਹੀ ਰੁਝਾਨ ਪਾਰਟੀ ਨੂੰ ਹੋਰ ਗੰਭੀਰ ਸੰਕਟਾਂ ਵੱਲ ਧੱਕ ਸਕਦੇ ਹਨ। ਉਂਝ ਇਹ ਸਥਿਤੀ ਪੰਜਾਬ ਲਈ ਅਤੇ ਲੋਕਤੰਤਰ ਲਈ ਬੜੀ ਮੰਦਭਾਗੀ ਹੈ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀ ਬਜਾਏ, ਮਜ਼ਦੂਰਾਂ ਕਿਸਾਨਾਂ ਨੌਜਵਾਨਾਂ ਦੇ ਹਿੱਤਾਂ ਅਤੇ ਪੰਜਾਬ ਦੇ ਕੌਮੀ ਹਿੱਤਾਂ ਲਈ ਆਰ ਪਾਰ ਦਾ ਸੰਘਰਸ਼ ਕਰਨ ਵਾਲੀਆਂ ਜਮਹੂਰੀ ਸਿਆਸੀ ਸ਼ਕਤੀਆਂ ਉਤੇ ਹੀ ਟੇਕ ਰੱਖਣ।

Leave a Reply

Your email address will not be published. Required fields are marked *