ਬੀਤੇ 56 ਸਾਲ ਤੋਂ ਅਡੋਲਤਾ ਨਾਲ ਇਨਕਲਾਬੀ ਲਹਿਰ ਵਿੱਚ ਸਰਗਰਮ ਸੀਨੀਅਰ ਸਾਥੀਆਂ ਦਾ ਕੀਤਾ ਗਿਆ ਸਨਮਾਨ
ਮਾਨਸਾ, ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)– ਅੱਜ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਸ਼ਹਾਦਤ ਦਿਵਸ ਮੌਕੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਮਾਨਸਾ ਜ਼ਿਲ੍ਹਾ ਕਮੇਟੀ ਨੇ ਸ਼ਹੀਦ ਬਾਬਾ ਬੂਝਾ ਸਿੰਘ ਅਤੇ ਕਾਮਰੇਡ ਚਾਰੂ ਮੌਜੂਮਦਾਰ ਦੀ ਯਾਦ ਵਿੱਚ ਇਕ ਯਾਦਗਾਰੀ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਬਾਬਾ ਬੂਝਾ ਸਿੰਘ ਅਤੇ ਕਾਮਰੇਡ ਚਾਰੂ ਮੌਜੂਮਦਾਰ ਸਮੇਤ ਇਨਕਲਾਬੀ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਅਰਪਿਤ ਕਰਨ ਨਾਲ ਹੋਈ। ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਨੇ ਕੇਂਦਰੀ ਕਮੇਟੀ ਵਲੋਂ ਇਸ ਦਿਨ ਲਈ ਲਈ ਵਿਸ਼ੇਸ਼ ਤੌਰ ‘ਤੇ ਭੇਜਿਆ ਸਰਕੂਲਰ ਪੜ੍ਹਿਆ। ਕਾਮਰੇਡ ਸੁਖਦਰਸ਼ਨ ਨੱਤ ਨੇ ਸੀਪੀਆਈ (ਐਮ ਐਲ) ਦੇ ਇਤਿਹਾਸ ਬਾਰੇ ਅਤੇ ਇਸ ਵਿੱਚ ਪਾਰਟੀ ਦੇ ਮੋਢੀ ਜਨਰਲ ਸਕੱਤਰ ਕਾਮਰੇਡ ਚਾਰੂ ਮੌਜੂਮਦਾਰ ਅਤੇ ਬਾਬਾ ਬੂਝਾ ਸਿੰਘ ਦੀ ਮਹਾਨ ਇਨਕਲਾਬੀ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਸਰਕੂਲਰ ਦੇ ਖਾਸ ਨੁਕਤਿਆਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਮੀਟਿੰਗ ਨੂੰ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਨਛੱਤਰ ਸਿੰਘ ਖੀਵਾ, ਰਾਜ ਸਿੰਘ ਜਟਾਣਾਂ ਅਤੇ ਸੱਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਮੀਟਿੰਗ ਦੌਰਾਨ 1970 ਤੋਂ ਪਾਰਟੀ ਨਾਲ ਜੁੜੇ ਅਤੇ ਬੀਤੇ 56 ਸਾਲ ਤੋਂ ਸਰਗਰਮੀ ਨਾਲ ਕੰਮ ਕਰਦੇ ਆ ਰਹੇ ਜ਼ਿਲੇ ਦੇ ਤਿੰਨ ਸੀਨੀਅਰ ਸਾਥੀਆਂ ਕਾਮਰੇਡ ਹਾਕਮ ਸਿੰਘ ਝੁਨੀਰ, ਕਾਮਰੇਡ ਨਛੱਤਰ ਸਿੰਘ ਖੀਵਾ ਅਤੇ ਕਾਮਰੇਡ ਰਾਜ ਸਿੰਘ ਜਟਾਣਾਂ ਨੂੰ ਪਾਰਟੀ ਅਤੇ ਇਨਕਲਾਬੀ ਲਹਿਰ ਪ੍ਰਤੀ ਉਨ੍ਹਾਂ ਦੀਆਂ ਅਡੋਲ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ।



