ਮਾਨਸਾ, ਗੁਰਦਾਸਪੁਰ,28 ਅਪ੍ਰੈਲ (ਸਰਬਜੀਤ ਸਿੰਘ)– ਮਾਨਸਾ ਵਿਖੇ ਬਾਬਾ ਬੂਝਾ ਸਿੰਘ ਭਵਨ ਵਿੱਚ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਸੰਸਥਾਵਾਂ ਦੀ ਸਾਂਝੀ ਮੀਟਿੰਗ ਹੋਈ । ਜਿਸ ਵਿੱਚ ਜ਼ਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦਾ ਗਠਨ ਕੀਤਾ ਗਿਆ ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਤੋਂ ਪਹਿਲਾਂ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਯਾਦ ਵਿੱਚ ਦੁੱਖ ਪ੍ਰਗਟਾਉਂਦਿਆਂ ਸ਼ੋਕ ਸਭਾ ਕੀਤੀ ਗਈ ਅਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪਹਿਲਗਾਮ ਦੀ ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਹੋਰ ਕਈ ਸੂਬਿਆਂ ਵਿੱਚ ਥਾਂ-ਥਾਂ ‘ਤੇ ਫ਼ਿਰਕੂ ਰੰਗਤ ਰਾਹੀਂ ਗ਼ਲਤ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗੀ ਹੈ। ਸਾਰੀਆਂ ਯੂਨੀਅਨਾਂ ਵੱਲੋਂ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਕਿ ਉਹ ਲੁਕੀਆਂ ਤਾਕਤਾਂ ਨੂੰ ਪੰਜਾਬ ਦੀ ਧਰਤੀ ’ਤੇ ਕਸ਼ਮੀਰੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।ਅੱਜ ਦੀ ਇਸ ਇਕੱਤਰਤਾ ਦਾ ਮਕਸਦ ਪੰਜਾਬ ਵਿੱਚ ਪੜੵਦੇ ਅਤੇ ਕੰਮ ਕਰਦੇ ਕਸ਼ਮੀਰੀ ਨੌਜਵਾਨਾਂ ਲਈ ਆਪਣੀ ਅਵਾਜ਼ ਬੁਲੰਦ ਕਰਨੀ ਸੀ।ਪ੍ਰੈਸ ਬਿਆਨ ਜਾਰੀ ਕਰਦੇ ਹੋਏ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਮੈਡੀਕਲ ਪ੍ਰੈਕਟੀਸ਼ਨਰਜ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਅਦਾਰਾ ‘ ਦਖਲ ‘ ਦੇ ਆਗੂ ਡਾਕਟਰ ਅਵਤਾਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੇ ਜ਼ਿਲ੍ਹਾ ਸਕੱਤਰ ਲਛਮਣ ਸਿੰਘ ਚੱਕ ਅਲੀਸ਼ੇਰ,ਰਾਜ ਅਕਲੀਆ, ਪੰਜਾਬ ਖੇਤ ਮਜ਼ਦੂਰ ਸਭਾ ਏਕਤਾ ਦੇ ਸੂਬਾ ਆਗੂ ਕ੍ਰਿਸ਼ਨ ਚੌਹਾਨ , ਜਮਹੂਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਮੇਜਰ ਸਿੰਘ ਦੂਲੋਵਾਲ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਘਰਾਂਗਣਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭਜਨ ਸਿੰਘ ਘੁੰਮਣ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਚਰਨ ਦਾਨੇਵਾਲਾ,ਦੋਧੀ ਯੂਨੀਅਨ ਦੇ ਸੂਬਾ ਸਕੱਤਰ ਸੱਤਪਾਲ ਮਾਨਸਾ, ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿੰਕਦਰ ਸਿੰਘ ਘਰਾਂਗਣਾ,ਮੁਸਲਿਮ ਫਰੰਟ ਪੰਜਾਬ ਦੇ ਆਗੂ ਹੰਸ ਰਾਜ ਮੋਫ਼ਰ , ਰਵੀ ਖਾਨ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਤਾਮ ਕੋਟ , ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨ ਸਿਰਸੀਵਾਲਾ ਅਤੇ ਸ਼ਾਮਲ ਹੋਏ ਇਨਸਾਫ਼ ਪਸੰਦ ਲੋਕਾਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਵਿੱਚ ਕਿਤੇ ਵੀ ਕਿਸੇ ਕਸ਼ਮੀਰੀ ਵਿਅਕਤੀ ਜਾਂ ਵਿਦਿਆਰਥੀ ਨਾਲ਼ ਭੇਦਭਾਵ ਜਾਂ ਹਮਲਾ ਹੁੰਦਾ ਹੈ ਤਾਂ ਸਾਰੀਆਂ ਯੂਨੀਅਨਾਂ ਅਤੇ ਇਨਸਾਫ਼ ਪਸੰਦ ਲੋਕ ਉਨ੍ਹਾਂ ਦਾ ਡਟ ਕੇ ਸਾਥ ਦੇਣਗੇ।ਸਾਰੀਆਂ ਯੂਨੀਅਨਾਂ ਨੇ ਕਿਹਾ ਕਿ ਸਾਡਾ ਪੰਜਾਬ ਹਮੇਸ਼ਾ ਭਾਈਚਾਰੇ, ਏਕਤਾ ਅਤੇ ਸ਼ਾਂਤੀ ਦਾ ਪੈਗ਼ਾਮ ਦਿੰਦਾ ਰਿਹਾ ਹੈ ਜਿਸਨੂੰ ਹੁਣ ਵੀ ਬਰਕਰਾਰ ਰੱਖਿਆ ਜਾਵੇਗਾ।ਉਨ੍ਹਾਂ ਪੰਜਾਬ ਵਾਸੀਆਂ ਨੂੰ ਇਸ ਵਿੱਚ ਪੂਰਨ ਸਹਿਯੋਗ ਦੀ ਅਪੀਲ ਵੀ ਕੀਤੀ।


