ਜਥੇਦਾਰ ਬਨਾਮ ਵਲਟੋਹਾ ਵਿਵਾਦ ਬਾਰੇ ਅਕਾਲੀ ਲੀਡਰਸ਼ਿਪ ਦੀ ਖਾਮੋਸ਼ੀ ਨਿੰਦਣਯੋਗ – ਕਾਮਰੇਡ ਬੱਖਤਪੁਰਾ, ਨੱਤ

ਬਠਿੰਡਾ-ਮਾਨਸਾ

ਅਸਤੀਫਾ ਪ੍ਰਵਾਨ ਕਰਨ ਦੀ ਬਜਾਏ, ਵਲਟੋਹਾ ਨੂੰ ਪਾਰਟੀ ਵਿਚੋਂ ਖ਼ਾਰਜ ਕੀਤਾ ਜਾਵੇ

ਮਾਨਸਾ, ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਨਾਮ ਵਲਟੋਹਾ ਵਿਵਾਦ ਬਾਰੇ ਟਿੱਪਣੀ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਇਸ ਮੁੱਦੇ ‘ਤੇ ਬਾਦਲ ਦਲ ਲੀਡਰਸ਼ਿਪ ਦੀ ਖਾਮੋਸ਼ੀ ਦਸਦੀ ਹੈ ਕਿ ਇਹ ਮਾਮਲਾ ਸਿਰਫ ਵਿਰਸਾ ਸਿੰਘ ਵਲਟੋਹਾ ਦੇ ਨਿੱਜ ਤੱਕ ਸੀਮਤ ਨਹੀਂ, ਬਲਕਿ ਉਸ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹੈ ਅਤੇ ਇਹ ਲੋਕ ਜਥੇਦਾਰਾਂ ਨੂੰ ਯਰਕਾ ਕੇ ਹੁਣ ਵੀ ਪਹਿਲਾਂ ਵਾਂਗ ਅਪਣੇ ਪੱਖ ਵਿੱਚ ਅਪਣੀ ਮਰਜ਼ੀ ਦੇ ਫੈਸਲੇ ਕਰਵਾਉਣਾ ਚਾਹੁੰਦੇ ਹਨ। ਪਰ ਜੇਕਰ ਜਥੇਦਾਰਾਂ ਵਿੱਚ ਗ਼ਲਤ ਦੇ ਖਿਲਾਫ ਤੇ ਨਿਆਂ ਦੇ ਹੱਕ ਵਿੱਚ ਡੱਟਣ ਵਾਲੀਆਂ ਜੁਝਾਰੂ ਸਿੱਖ ਰਵਾਇਤਾਂ ਦਾ ਕੋਈ ਅੰਸ਼ ਮੌਜੂਦ ਹੈ ਤਾਂ ਅਸਤੀਫੇ ਦੇਣ ਦੀ ਬਜਾਏ, ਉਨ੍ਹਾਂ ਨੂੰ ਦਲੇਰੀ ਨਾਲ ਝੂਠ ਦੇ ਖ਼ਿਲਾਫ਼ ਖੜਨ ਦੀ ਹਿੰਮਤ ਕਰਨੀ ਚਾਹੀਦੀ ਹੈ।ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੇਸ਼ੱਕ ਵਲਟੋਹਾ ਇਕ ਗੋਡੇ ਟੇਕੂ ਦਹਿਸ਼ਤਗਰਦ ਤੋਂ ਇਕ ਮੌਕਾਪ੍ਰਸਤ ਸਿਆਸੀ ਲੀਡਰ ਵਿਚ ਬਦਲ ਗਿਆ ਹੈ, ਪਰ ਉਸ ਦੇ ਯਰਕਾਊ ਢੰਗ ਤਰੀਕੇ ਉਹੀ ਪੁਰਾਣੇ ਹਨ । ਇਹ ਭ੍ਰਿਸ਼ਟ ਟੋਲਾ ਜਿਵੇਂ ਸਤਾਧਾਰੀ ਹੁੰਦਿਆਂ ਜਥੇਦਾਰਾਂ ਤੋਂ ਮਨਮਾਨੇ ਫੈਸਲੇ ਕਰਵਾਉਂਦਾ ਰਿਹਾ ਹੈ, ਹੁਣ ਵੀ ਉਵੇਂ ਹੀ ਅਪਣੀ ਮਨਮਰਜ਼ੀ ਪੁਗਾਉਣਾ ਚਾਹੁੰਦਾ ਹੈ। ਪਰ ਇਸਦੇ ਲਈ ਵਲਟੋਹੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਤ ਤੱਕ ਨੌਲਣਾ ਤੇ ਉਨ੍ਹਾਂ ਦੇ ਪਰਿਵਾਰ ਤੇ ਬੱਚੀਆਂ ਬਾਰੇ ਟਿੱਪਣੀਆਂ ਕਰਨਾ ਐਨਾ ਸ਼ਰਮਨਾਕ ਤੇ ਨਿੰਦਣਯੋਗ ਹੈ ਕਿ ਇਸ ਨੂੰ ਸਾਡੇ ਸਮਾਜ ਦਾ ਕੋਈ ਵੀ ਹਿੱਸਾ ਪ੍ਰਵਾਨ ਨਹੀਂ ਕਰਦਾ। ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਵਲਟੋਹਾ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਬਜਾਏ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਇਸ ਜਾਤੀਵਾਦੀ ਤੇ ਉਜੱਡ ਬੰਦੇ ਨੂੰ ਪਾਰਟੀ ਵਿਚੋਂ ਖ਼ਾਰਜ ਕਰ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *