ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਸਿੱਖ ਸਿਧਾਂਤਾਂ ਦੇ ਸਿਰਮੌਰ ਸਥਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵੱਲੋਂ ਅਕਾਲ ਤਖ਼ਤ ਦੇ ਜਥੇਦਾਰਾਂ ਵਿਰੁੱਧ ਉਠਾਏ ਜਾ ਰਹੇ ਸਵਾਲਾਂ ਉਪਰ ਟਿੱਪਣੀ ਕਰਦਿਆਂ ਇਨ੍ਹਾਂ ਸਵਾਲਾਂ ਨੂੰ ਤੱਥ ਹੀਣ ਅਤੇ ਜਥੇਦਾਰਾਂ ਉਪਰ ਦਬਾਅ ਬਨਾਉਣ ਦਾ ਮਨਸੂਬਾ ਦੱਸਿਆ ਹੈ ਜਿਸ ਸਿਆਸੀ ਮਨਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਖੁਦ ਭਾਈਵਾਲ ਦਿਸਦਾ ਹੈ ਤਾਂ ਹੀ ਪੰਥਕ ਵਿਵਾਦ ਦੇ ਗੰਭੀਰ ਰੂਪ ਅਖਤਿਆਰ ਕਰ ਲੈਣ ਉਪਰੰਤ ਵੀ ਅਕਾਲੀ ਦਲ ਦੇ ਕਿਸੇ ਆਗੂ ਨੇ ਮੂੰਹ ਤੱਕ ਨਹੀਂ ਖੋਲ੍ਹਿਆ।ਇਸ ਸਬੰਧੀ ਬੋਲਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਾਰਕਸਵਾਦੀ ਸਿਧਾਂਤ ਸਮੇਤ ਸਿੱਖੀ ਸਿਧਾਂਤਾਂ ਤੋਂ ਵੀ ਸੇਂਧ ਲੈਂਦੀ ਹੈ ਅਤੇ ਇਹ ਪਹਿਲੀ ਵਾਰ ਹੈ ਕਿ 2015 ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਅਕਾਲ ਤਖ਼ਤ ਦੀ ਮਰਿਆਦਾ ਬਾਬਤ ਬਣਦਾ ਜ਼ਰੂਰੀ ਸਟੈਂਡ ਲਿਆ ਹੈ। ਉਹਨਾਂ ਕਿਹਾ ਕਿ ਪੰਥਕ ਖ਼ੇਤਰੀ ਪਾਰਟੀ ਅਕਾਲੀ ਦਲ ਦਾ ਮਜ਼ਬੂਤ ਰਹਿਣਾ ਪੰਜਾਬ ਅਤੇ ਪੰਜਾਬੀਆਂ ਦੇ ਜ਼ਰੂਰੀ ਹਿਤਾਂ ਵਿੱਚ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਕਰੀਬ ਬੀਤੇ ਡੇਢ ਦਹਾਕੇ ਦਾ ਸਿਆਸੀ ਅਮਲ ਸਿੱਖੀ ਸਿਧਾਂਤਾਂ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦਾ ,ਇਹ ਹੀ ਕਾਰਣ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਸੀਟਾਂ ਉਪਰ ਸਿਮਟ ਜਾਣ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਕ ਸੀਟ ਜਿੱਤਣ ਤੋਂ ਇਲਾਵਾ ਬਾਕੀ ਸਭ ਸੀਟਾਂ ਉਪਰ ਆਪਣੀਆਂ ਜਮਾਨਤਾਂ ਜਬਤ ਕਰਵਾ ਬੈਠੇ ਸਨ। ਵੈਸੇ ਸੱਚ ਇਹ ਹੈ ਕਿ ਮਹਾਨ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਪਰਿਵਾਰਵਾਦ ਦੀ ਗਿਰਫ਼ਤ ਵਿਚ ਆਉਣ ਤੋਂ ਬਾਅਦ ਬਾਅਦ ਹਾਸ਼ੀਏ ਤੇ ਚਲਾ ਗਿਆ ਹੈ, ਜੇਕਰ ਅਕਾਲੀ ਦਲ ਨੂੰ ਪੰਥਕ ਹਲਕਿਆਂ ਨੇ ਪ੍ਰੀਵਾਰਵਾਦ ਤੋਂ ਸੁਰਖ਼ਰੂ ਨਾਂ ਕਰਵਾਇਆ ਤਾਂ ਇਸ ਦੀ ਸਿਆਸੀ ਹੋਂਦ ਸਿੱਖੀ ਸਿਧਾਂਤਾਂ ਅਨੁਸਾਰ ਬਣੀ ਰਹਿਣਾਂ ਮੁਮਕਿਨ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਬਜਾਏ ਗਲਤੀ ਦਰ ਗਲਤੀ ਦੁਹਰਾ ਰਿਹਾ ਹੈ ਜੋ ਪੰਜਾਬ ਦੇ ਸਿਆਸੀ ਭਵਿੱਖ ਲਈ ਨਾਂ ਪੱਖੀ ਵਰਤਾਰਾ ਹੈ ।


