ਲਿਬਰੇਸ਼ਨ ਵਲੋਂ ਕਿਸਾਨਾਂ ਉਤੇ ਲਾਠੀਚਾਰਜ ਦੀ ਅਤੇ ਇਕ ਕਿਸਾਨ ਦੀ ਜਾਨ ਲੈਣ ਦੀ ਸਖਤ ਨਿੰਦਾ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ 23 ਅਗਸਤ (ਸਰਬਜੀਤ ਸਿੰਘ)— ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਲਈ ਚੰਡੀਗੜ ਧਰਨਾ ਦੇਣ ਦਾ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਲੌਂਗੋਵਾਲ ਨੇੜੇ ਉਨਾਂ ਉਤੇ ਪੁਲਸ ਵਲੋਂ ਕੀਤੇ ਵਹਿਸ਼ੀ ਲਾਠੀਚਾਰਜ, ਜਿਸ ਦੌਰਾਨ ਮੱਚੀ ਭੱਗਦੜ ਵਿਚ ਇਕ ਕਿਸਾਨ ਪ੍ਰੀਤਮ ਸਿੰਘ (55) ਵਾਸੀ ਪਿੰਡ ਲੋਂਗੋਵਾਲ ਜਿਲ੍ਹਾ ਸੰਗਰੂਰ ਦੀ ਮੌਤ ਵੀ ਹੋ ਗਈ – ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ।

ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਵੋਟਾਂ ਲੈਣ ਲਈ ਭਗਵੰਤ ਮਾਨ ਵਲੋਂ ਲੋਕਾਂ ਨਾਲ ਕੀਤੇ ਵੱਡੇ ਵਾਦੇ ਤੇ ਦਾਹਵੇ ਝੂਠੇ ਸਾਬਤ ਹੋ ਰਹੇ ਹਨ। ਸੰਘਰਸ਼ੀ ਕਿਸਾਨਾਂ ਨਾਲ ਜਿਵੇਂ ਮਾਨ ਸਰਕਾਰ ਦੀ ਪੁਲਸ ਪੇਸ਼ ਆਈ ਹੈ, ਉਵੇ ਦਾ ਦਮਨਕਾਰੀ ਰਵਈਆ ਪੰਜਾਬ ਵਿਚ ਕਾਂਗਰਸ ਰਾਜ ਦੌਰਾਨ ਵੀ ਅਖਤਿਆਰ ਨਹੀਂ ਕੀਤਾ ਗਿਆ। ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਕੀ ਹੁਣ ਮੁੱਖ ਮੰਤਰੀ ਮਾਨ ਨੇ ਪੁਲਸ ਨੂੰ ਅੰਦੋਲਨਕਾਰੀਆਂ ਉਤੇ ਜਬਰ ਢਾਹੁਣ ਦੀ ਖੁੱਲੀ ਛੁੱਟੀ ਦੇ ਦਿੱਤੀ ਹੈ ਜਾਂ ਪੁਲਸ ਤੇ ਅਫ਼ਸਰਸ਼ਾਹੀ ਉਨਾਂ ਦੇ ਕੰਟਰੋਲ ਤੋਂ ਬਾਹਰ ਹੈ। ਪੰਜਾਬ ਦੇ 14 ਜ਼ਿਲੇ ਇਸੇ ਸੀਜ਼ਨ ਵਿਚ ਦੂਜੀ ਵਾਰ ਹੜ੍ਹਾਂ ਦਾ ਸ਼ਿਕਾਰ ਬਣ ਚੁੱਕੇ ਹਨ। ਜਨਤਾ ਵੱਡੀ ਤਬਾਹੀ ਦਾ ਸ਼ਿਕਾਰ ਹੈ, ਪਰ ਮੁੱਖ ਮੰਤਰੀ ਬੁਰੀ ਤਰ੍ਹਾਂ ਪੀੜਤ ਜਨਤਾ ਲਈ ਰਾਹਤ ਤੇ ਵਸੇਵੇ ਲਈ ਠੋਸ ਉਪਰਾਲੇ ਕਰਨ ਦੀ ਬਜਾਏ, ਸਿਰਫ ਭਾਸ਼ਨਾਂ ਦਾ ਰਾਸ਼ਨ ਵੰਡ ਰਿਹਾ ਹੈ। ਉਸ ਨੂੰ ਪੰਜਾਬ ਦੀ ਜਨਤਾ ਨਾਲੋਂ, ਮੱਧ ਪ੍ਰਦੇਸ਼ ਛੱਤੀਸਗੜ੍ਹ ਵਿਚ ਚੋਣ ਪ੍ਰਚਾਰ ਕਰਨਾ ਜ਼ਿਆਦਾ ਜ਼ਰੂਰੀ ਜਾਪ ਰਿਹਾ ਹੈ। ਪੰਜਾਬੀਆ ਦਾ ਅਤੇ ਕਿਸਾਨਾਂ ਦਾ ਮੁੱਖ ਟੀਚਾ ਆ ਰਹੀ ਲੋਕ ਸਭਾ ਚੋਣ ਵਿਚ ਮੋਦੀ ਤੇ ਬੀਜੇਪੀ ਨੂੰ ਹਰਾਉਣਾ ਹੈ, ਪਰ ਮਾਨ ਸਰਕਾਰ, ਬੀਜੇਪੀ ਦੀ ਬੀ ਟੀਮ ਵਜੋਂ ਉਨਾਂ ਨੂੰ ਪੰਜਾਬ ਵਿਚ ਹੀ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਰਕਾਰ ਸਾਡੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਲਈ ਜਿੰਮੇਵਾਰ ਰਸਾਇਣਕ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਾਉਣ ਦੀ ਬਜਾਏ ਉਲਟਾ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੇ ਝੋਟੇ ਵਰਗੇ ਨੌਜਵਾਨਾਂ ਨੂੰ ਜੇਲਾਂ ਵਿਚ ਬੰਦ ਕਰ ਰਹੀ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਲਾਠੀਚਾਰਜ ਦਾ ਹੁਕਮ ਦੇਣ ਤੇ ਮਿੱਥ ਕੇ ਕਿਸਾਨਾਂ ਦੇ ਵਹੀਕਲਾਂ ਦੀ ਭੰਨ ਤੋੜ ਕਰਨ ਵਾਲੇ ਪੁਲਸ ਅਫਸਰਾਂ ਖਿਲਾਫ ਸਰਕਾਰ ਸਖਤ ਕਾਰਵਾਈ ਕਰੇ, ਵਰਨਾ ਪਿੰਡਾਂ ਤੇ ਕਸਬਿਆਂ ਵਿਚ ਆਉਣ ‘ਤੇ ਆਪ ਦੇ ਵਜ਼ੀਰਾਂ ਵਿਧਾਇਕਾਂ ਤੇ ਆਗੂਆਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।

Leave a Reply

Your email address will not be published. Required fields are marked *