ਮਾਨਸਾ, ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਜੀ. ਐਨ. ਸਾਈਂਬਾਬਾ ਦਾ ਕੱਲ ਰਾਤ ਹੈਦਰਾਬਾਦ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਪੰਜਾਬ ਕਮੇਟੀ ਪ੍ਰੋ. ਸਾਈਂਬਾਬਾ ਨੂੰ ਕ੍ਰਾਂਤੀਕਾਰੀ ਸ਼ਰਧਾਂਜਲੀ ਅਰਪਿਤ ਕਰਦੀ ਹੈ। ਉਹਨਾਂ ਦੀ ਮ੍ਰਿਤਕ ਦੇਹ ਉਹਨਾਂ ਦੇ ਪ੍ਰੀਵਾਰ ਵੱਲੋਂ ਸਰਕਾਰੀ ਗਾਂਧੀ ਮੈਡੀਕਲ ਹਸਪਤਾਲ ਨੂੰ ਖੋਜ਼ ਕਾਰਜਾਂ ਲਈ ਦਾਨ ਕਰ ਦਿੱਤੀ ਗਈ ਹੈ। ਪ੍ਰੋ. ਸਾਈਂਬਾਬਾ ਸਮੇਤ ਹੋਰਨਾਂ ਬੁੱਧੀਜੀਵੀਆਂ ਨੂੰ ਭਗਵਾਂ ਸਰਕਾਰ ਵੱਲੋਂ ਬਣਾਏ ਫਾਸ਼ੀਵਾਦੀ ਕਰੂਰ ਕਾਲ਼ੇ ਕਾਨੂੰਨਾਂ ਤਹਿਤ ਕਰੀਬ ਇੱਕ ਦਹਾਕੇ ਤੋਂ ਨਾਗਪੁਰ ਦੀ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ। ਉਹ ਸਬੂਤਾਂ ਦੀ ਘਾਟ ਕਾਰਨ ਅਤੇ ਮਕੱਦਮੇ ਪੱਖੀ ਧਿਰ ਵੱਲੋਂ ਉਹਨਾਂ ਦੇ ਖ਼ਿਲਾਫ਼ ਕੋਈ ਦੋਸ਼ ਸਾਬਿਤ ਨਾਂ ਕਰ ਸਕਣ ਕਰਕੇ ਉਹਨਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ ਅਤੇ ਉਹ ਕੁੱਝ ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਸਨ। ਅਸੀਂ ਪਾਰਟੀ ਵੱਲੋਂ ਉਹਨਾਂ ਦੇ ਤਮਾਮ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਪ੍ਰਤੀ ਆਪਣੀ ਹਾਰਦਿਕ ਸੰਵੇਦਨਾ ਪ੍ਰਗਟ ਕਰਦੇ ਹਾਂ।
ਭਾਵੇਂ ,ਪ੍ਰੋ. ਸਾਈਂਬਾਬਾ ਦੀ ਮੌਤ ਦਾ ਤਤਕਾਲ ਕਾਰਨ ਅਪ੍ਰੇਸ਼ਨ ਤੋਂ ਬਾਅਦ ਦੀਆਂ ਗੰਭੀਰ ਅਤੇ ਜਟਿਲ ਸਮੱਸਿਆਵਾਂ ਨੂੰ ਮੰਨਿਆ ਜਾਂਦਾ ਹੈ, ਪਰ ਪ੍ਰੋ. ਸਾਈਂਬਾਬਾ ਨੂੰ ਕਈ ਸਾਲਾਂ ਤੱਕ ਜੇਲ੍ਹ ਵਿੱਚ ਰੱਖਕੇ ਸੜਨ ਲਈ ਮਜਬੂਰ ਕੀਤਾ ਗਿਆ ਅਤੇ ਇਸੇ ਕਰਕੇ ਹੋਈ ਉਹਨਾਂ ਦੀ ਮੌਤ ਲਈ ਮੌਜੂਦਾ ਫਾਸ਼ੀਵਾਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਕੋਈ ਵੀ ਵਿਅਕਤੀ ਜਿਹੜਾ ਖ਼ਾਸ ਕਰਕੇ ਸਰੀਰਿਕ ਰੂਪ ਵਿੱਚ ਅਪੰਗ ਹੋਵੇ ਅਤੇ ਜੋ ਦਸ ਸਾਲ ਵੀਲਚੇਅਰ ਤੇ ਬੈਠਕੇ ਦਿਨ ਕਟੀ ਕਰਦਾ ਰਿਹਾ ਹੋਵੇ , ਇਸਦੇ ਨਿੱਕਲਣ ਵਾਲੇ ਨਤੀਜ਼ੇ ਹਰ ਕੋਈ ਸਮਝ ਸਕਦਾ ਹੈ।
ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੇ ਅਨੁਸਾਰ, ਆਪਣੀ ਵਿਚਾਰਧਾਰਕ ਸਥਿੱਤੀ ਨੂੰ ਬਣਾਈ ਰੱਖਣਾ ਕੋਈ ਅਪਰਾਧ ਨਹੀਂ ਹੈ ਅਤੇ ਕਈ ਮੌਕਿਆਂ ਤੇ ਇਸ ਧਾਰਨਾ ਉੱਤੇ ਨਿਆਂਪਾਲਿਕਾ ਨੇ ਵੀ ਮੋਹਰ ਲਾਈ ਹੈ। ਇਹ ਸਾਰਾ ਕੁੱਝ ਜਾਣਦੇ ਹੋਏ ਵੀ, ਉਸਦੇ ਮਾਓਵਾਦੀਆਂ ਨਾਲ਼ ਕਥਿਤ ਸਬੰਧਾਂ ਨਾਲ ਜੋੜਕੇ ਜੇਲ੍ਹ ਵਿੱਚ ਸੁੱਟਣਾ, ਖ਼ਾਸ ਕਰਕੇ ਉਸ ਵਿਆਕਤੀ ਨੂੰ ਜਿਸ ਦੇ ਸ਼ਰੀਰ ਦਾ 90 ਫ਼ੀਸਦੀ ਹਿੱਸਾ ਅਪਾਹਜ਼ ਹੋਵੇ ਅਤੇ ਭਿਆਨਕ ਬੀਮਾਰੀਆਂ ਦੇ ਨਾਲ ਲਗਾਤਾਰ ਜੂਝ ਰਿਹਾ ਹੋਵੇ, ਉਸਦਾ ਠੀਕ ਢੰਗ ਨਾਲ ਇਲਾਜ ਨਾ ਕਰਵਾਇਆ ਜਾਵੇ, ਇਹ ਜੇਲ੍ਹ ਦੇ ਕਾਇਦੇ – ਕਾਨੂੰਨਾਂ ਦੀ ਵੀ ਪੂਰੀ ਤਰ੍ਹਾਂ ਉਲੰਘਣ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਘਾਂਣ ਹੈ। ਅਸੀਂ ਪ੍ਰੋਫ਼ੈਸਰ ਸਾਈਂਬਾਬਾ ਦੀ ਬੇ -ਵਕਤੀ ਮੌਤ ਤੇ ਦੁੱਖ ਪ੍ਰਗਟ ਕਰਦੇ ਹਾਂ ਅਤੇ ਇਹਨਾਂ ਪਿੱਛੇ ਫਾਸ਼ੀਵਾਦੀ ਕਾਲ਼ੇ ਕਾਨੂੰਨਾਂ ਦੀ ਜ਼ੋਰਦਾਰ ਨਿੰਦਿਆ ਕਰਦੇ ਹਾਂ, ਇੱਕ ਬਾਰ ਫਿਰ ਉਹਨਾਂ ਨੂੰ ਕ੍ਰਾਂਤੀਕਾਰੀ ਲਾਲ ਸਲਾਮ ਪੇਸ਼ ਕਰਦੇ ਹਾਂ।


