ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ 26 ਅਕਤੂਬਰ (ਸਰਬਜੀਤ ਸਿੰਘ )- ਫਲਸਤੀਨ ਤੇ ਕੀਤੇ ਇਜ਼ਰਾਇਲੀ ਹਮਲੇ ਦੇ ਵਿਰੋਧ ਚ ਅਤੇ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਲੈਕਚਰਾਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਚ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ ਪਰਚਾ ਦਰਜ ਕਰਵਾਏ ਜਾਣ ਦੀ ਮੰਗ ਨੂੰ ਲੈਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਸਾਮਰਾਜੀ ਤਾਕਤਾਂ ਦੇ ਇਸ਼ਾਰਿਆਂ ਤੇ ਪਹਿਲਾਂ ਤੋਂ ਹੀ ਨਰਕ ਭਰੀ ਜ਼ਿੰਦਗੀ ਕੱਟ ਰਹੇ ਫ਼ਲਸਤੀਨੀ ਲੋਕਾਂ ਨੂੰ ਇਜ਼ਰਾਇਲੀ ਹਮਲੇ ਰਾਹੀਂ ਜਿਊਣ ਦੇ ਅਧਿਕਾਰਾਂ ਤੋਂ ਵੀ ਵਾਂਝੇ ਕੀਤਾ ਜਾ ਰਿਹਾ ਹੈ, ਆਪਣੇ ਹੀ ਦੇਸ਼ ਚ ਦੂਜੇ ਦਰਜੇ਼ ਦੇ ਨਾਗਰਿਕਾਂ ਵਾਂਗ ਜੀਵਨ ਗੁਜ਼ਾਰ ਰਹੇ ਲੋਕਾਂ ਦੇ ਹੱਕ ਚ ਦੁਨੀਆਂ ਭਰ ਦੀਆਂ ਅਗਾਂਹਵਧੂ ਜਮਹੂਰੀ ਧਿਰਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਫ਼ਲਸਤੀਨੀ ਲੋਕਾਂ ਨੂੰ ਬਰਾਬਰ ਹੱਕ ਤੇ ਸੁਤੰਤਰਤਾ ਦੀ ਬਹਾਲੀ ਹੋਣੀ ਚਾਹੀਦੀ ਹੈ। ਇਸਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀ ਮਾਨ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਬੇਰੁਜ਼ਗਾਰੀ ਖ਼ਤਮ ਕਰਨ ਲਈ ਹਰਾ ਪੈੱਨ ਚਲਾਉਣ ਵਾਲੇ ਬੇਰੁਜ਼ਗਾਰਾਂ ਦੇ ਹਿੱਸੇ ਖ਼ੁਦਕੁਸ਼ੀਆਂ ਦੇ ਵਾਰੰਟ ਲਿਖ ਰਹੇ ਹਨ, ਉਨ੍ਹਾਂ ਕਿਹਾ ਇੱਕ ਪਾਸੇ ਪੰਜਾਬ ਭਰ ਦੀਆਂ ਵਿਦਿਅੱਕ ਸੰਸਥਾਵਾਂ ਲੈਕਚਰਾਰਾਂ/ਅਧਿਆਪਕਾਂ ਤੋਂ ਸੱਖਣੀਆਂ ਪਈਆਂ ਹਨ ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਮੋਰਚੇ ਲਾਉਣੇ ਪੈ ਰਹੇ ਹਨ ਅਤੇ ਸਿਆਸੀ ਵਿਰੋਧੀਆਂ ਖਿਲਾਫ਼ ਆਏ ਦਿਨ ਟਵੀਟੋ ਟਵੀਟ ਖੇਡਣ ਵਾਲੇ ਮੁੱਖ ਮੰਤਰੀ ਪੰਜਾਬ ਨੇ ਇਸ ਮਹੱਤਵਪੂਰਨ ਮੁੱਦੇ ਤੇ ਚੁੱਪ ਧਾਰੀ ਹੋਈ ਹੈ ਅਤੇ ਦੋਸ਼ੀ ਮੰਤਰੀ ਦੀ ਬਜਾਇ ਪੀੜਿਤ ਪਰਿਵਾਰ ਨੂੰ ਹੀ ਪਰਚੇ ਦਰਜ ਕਰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਉਕਤ ਮਾਮਲਿਆਂ ਉੱਪਰ ਇਨਸਾਫ਼ ਪ੍ਰਾਪਤੀ ਲਈ ਨਿਰੰਤਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਗੁਰੂ ਨਾਨਕ ਕਾਲਜ ਇਕਾਈ ਦੀ ਸਕੱਤਰ ਜਸਪ੍ਰੀਤ ਕੌਰ ਮੌੜ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਦੀਆਂ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਅਰਾਂ ਰੱਦ ਕਰਕੇ ਨਤੀਜੇ ਦੁਬਾਰਾ ਘੋਸ਼ਿਤ ਕੀਤੇ ਜਾਣ,ਵਿਦਿਆਰਥੀ ਬੱਸ ਪਾਸ ਸਾਰੀਆਂ ਬੱਸਾਂ ਉੱਪਰ ਲਾਗੂ ਕਰਨ ਲਈ ਪੰਜਾਬ ਵਿਧਾਨ ਸਭਾ ਅੰਦਰ ਕਾਨੂੰਨ ਪਾਸ ਕੀਤਾ ਜਾਵੇ,ਵਿਦਿਆਰਥੀਆਂ ਦੀ ਰੁਕੀ ਹੋਈ ਵਜੀਫਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ,ਵਿਦਿਆਰਥੀਆਂ ਦੇ ਪੇਪਰਾਂ ਦੀ ਚੈਕਿੰਗ ਲਈ ਟੇਬਲ ਮਾਰਕਿੰਗ ਦੀ ਵਿਵਸਥਾ ਕਰਕੇ ਇੱਕ ਮਹੀਨੇ ਦੇ ਅੰਦਰ-ਅੰਦਰ ਆਨਲਾਈਨ ਨਤੀਜੇ ਘੋਸ਼ਿਤ ਕਰਨ ਦੀ ਗਰੰਟੀ ਕੀਤੀ ਜਾਵੇ। ਇਸ ਮੌਕੇ ਪ੍ਰਚਾਰ ਸਕੱਤਰ ਸੀਮਾ ਕੌਰ,ਸਹਾਇਕ ਪ੍ਰਚਾਰ ਸਕੱਤਰ ਰਵਿੰਦਰ ਸਿੰਘ,ਪ੍ਰੈੱਸ ਸਕੱਤਰ ਪ੍ਰਿਤਪਾਲ ਕੌਰ,ਸਤਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਡੋਗਰਾਂ ਆਦਿ ਵਿਦਿਆਰਥੀ ਆਗੂ ਹਾਜਰ ਸਨ।

Leave a Reply

Your email address will not be published. Required fields are marked *