ਮਾਨਸਾ, ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)– ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਏ ਜਾਣ, ਸਾਰਿਆਂ ਲਈ ਰੁਜ਼ਗਾਰ ਗਾਰੰਟੀ ਐਕਟ ਬਣਾਏ ਜਾਣ, ਨਸ਼ਿਆਂ ਦੇ ਦੈਂਤ ਨੂੰ ਨੱਥ ਪਾਏ ਜਾਣ ਲਈ ਵਿੱਦਿਅਕ ਸੰਸਥਾਵਾਂ ਤੇ ਪਿੰਡ ਪੱਧਰ ਤੇ ਖੇਡ ਤੇ ਕਲਾ ਸਰਗਰਮੀਆਂ ਨੂੰ ਉਤਸ਼ਾਹਿਤ ਕਰਵਾਏ ਜਾਣ, ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ ਲਈ ਵਿਧਾਨ ਸਭਾ ਚ ਕਾਨੂੰਨ ਬਣਾਏ ਜਾਣ ਲਈ ਵਿਦਿਆਰਥੀ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਸਥਾਨਿਕ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਵੱਖ ਵੱਖ ਵਿਦਿਅੱਕ ਸੰਸਥਾਵਾਂ ਦੇ ਸਰਗਰਮ ਵਿਦਿਆਰਥੀ ਕਾਰਕੁੰਨਾਂ ਦੀ ਮੀਟਿੰਗ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਹੀਰਕੇ ਅਤੇ ਸੀਮਾ ਕੌਰ ਗੁੜੱਦੀ ਦੀ ਪ੍ਰਧਾਨਗੀ ਹੇਠ ਹੋਈ।
ਜਿਸ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ,ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ,ਸਰਕਾਰੀ ਆਈ ਟੀ ਆਈ ਮਾਨਸਾ,ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਝੁਨੀਰ ਅਤੇ ਗੁਰੂ ਕਾਸ਼ੀ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਵਿਦਿਆਰਥੀ ਹਾਜਰ ਹੋਏ।ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਪੰਜਾਬ ਦੀ ਨੌਜਵਾਨੀ ਨੂੰ ਰੁਜ਼ਗਾਰ ਦੇਣ ਵਿੱਚ ਮਹਿਜ਼ ਫੇਲ੍ਹ ਹੀ ਸਾਬਿਤ ਨਹੀਂ ਹੋਈ ਹੈ,ਬਲਕਿ ਕੰਮ ਦਿਹਾੜੀ ਕਾਨੂੰਨ ਨੂੰ12ਘੰਟੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਰੁਜ਼ਗਾਰ ਦੇ ਮੌਕੇ ਹੋਰ ਘਟਾਏ ਜਾਣ ਦਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰਨ ਵਿੱਚ ਵੀ ਮਾਨ ਸਰਕਾਰ ਫੇਲ ਸਾਬਿਤ ਹੋਈ ਹੈ ਅਤੇ ਨਵੀਂ ਸਿੱਖਿਆ ਨੀਤੀ ਨੂੰ ਪੰਜਾਬ ਵਿੱਚ ਲਾਗੂ ਕਰਨ ਦੀਆਂ ਤਿਆਰੀਆਂ ਵੀ ਕਰ ਰਹੀ ਹੈ ਅਤੇ ਵਿਦਿਆਰਥੀ ਬੱਸ ਪਾਸ ਦਾ ਸੁਆਲ ਅੱਜ ਵੀ ਜਿਉਂ ਦੀ ਤਿਉਂ ਮੂੰਹ ਅੱਡੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਉਕਤ ਸੁਆਲਾਂ ਤੇ ਵਿਦਿਆਰਥੀ ਅੰਦੋਲਨ ਮਜ਼ਬੂਤੀ ਨਾਲ ਖੜ੍ਹਾ ਕਰਨ ਦੇ ਮਕਸਦ ਨਾਲ ਜਨਵਰੀ ਤੇ ਫ਼ਰਵਰੀ ਦਾ ਮਹੀਨਾ ਵਿੱਦਿਅਕ ਸੰਸਥਾਵਾਂ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਉਂਦੇ ਹੋਏ ਵਿਦਿਅੱਕ ਸੰਸਥਾਵਾਂ ਵਿੱਚ ਵਿਚਾਰ ਗੋਸ਼ਟੀਆਂ ਕੀਤੀਆਂ ਜਾਣਗੀਆਂ।ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਮਾਲਵਾ ਜ਼ੋਨ ਦੀ ਕਮੇਟੀ ਦੀ ਵੀ ਚੋਣ ਕਰਦੇ ਹੋਏ ਸੁਖਜੀਤ ਸਿੰਘ ਰਾਮਾਨੰਦੀ ਨੂੰ ਕਨਵੀਨਰ ਅਤੇ ਗੁਰਪ੍ਰੀਤ ਸਿੰਘ ਹੀਰਕੇ ਨੂੰ ਕੋ ਕਨਵੀਨਰ,ਕੁਲਵੰਤ ਸਿੰਘ ਖੋਖਰ ਕਲਾਂ ਨੂੰ ਪ੍ਰੈਸ ਸਕੱਤਰ,ਸੀਮਾ ਕੌਰ ਗੜੱਦੀ ਨੂੰ ਪ੍ਰਚਾਰ ਸਕੱਤਰ ਅਤੇ ਕਮਲਜੀਤ ਕੌਰ ਨੂੰ ਖਜ਼ਾਨਚੀ ਚੁਣਿਆ ਗਿਆ।ਇਸ ਮੌਕੇ ਸੁਮਨਦੀਪ ਕੌਰ,ਸੀਮਾ ਕੌਰ, ਵੀਰਪਾਲ ਕੌਰ,ਰੇਖਾ ਕੌਰ, ਲਵਦੀਪ ਕੌਰ, ਸਤਨਾਮ ਸਿੰਘ, ਅਰਸ਼ਦੀਪ ਸਿੰਘ, ਮਨਪ੍ਰੀਤ ਕੌਰ, ਕਰਨਜੀਤ ਕੌਰ, ਸੁਨੇਹਾ ਮੌੜ ਮੰਡੀ,ਸਰਬੀ ਕੌਰ, ਨਵਦੀਪ ਕੌਰ ਮਨਪ੍ਰੀਤ ਕੌਰ, ਗਗਨਦੀਪ ਕੌਰ, ਪਰਮਿੰਦਰ ਸਿੰਘ,ਜੋਤੀ ਸਿੰਘ, ਸੁੱਖਵਿੰਦਰ ਸਿੰਘ ਤਲਵੰਡੀ ਸਾਬੋ,ਮਨਦੀਪ ਸਿੰਘ, ਸੁਖਵਿੰਦਰ ਸਿੰਘ ਹੀਰਕੇ ਆਦਿ ਵਿਦਿਆਰਥੀ ਕਾਰਕੁੰਨ ਵੀ ਹਾਜ਼ਿਰ ਸਨ।


