ਗੁਰਦਾਸਪੁਰ, 26 ਅਕਤੂਬਰ (ਸਰਬਜੀਤ ਸਿੰਘ)– ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਸੀਨੀਅਰ ਸੀਟੀਜ਼ਨ ਦੀ ਭਲਾਈ ਸਬੰਧੀ ਇੱਕ ਵਿਸ਼ੇਸ਼ ਕੈਂਪ 1 ਨਵੰਬਰ 2023 ਨੂੰ ਸਵੇਰੇ 10:00 ਵਜੇ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਜ਼ੁਰਗਾਂ ਦਾ ਮੈਡੀਕਲ ਚੈੱਕਅਪ, ਅੱਖਾਂ ਦਾ ਚੈਕਅੱਪ, ਨੱਕ ਦਾ ਚੈਕਅੱਪ, ਕੰਨ ਦਾ ਚੈਕਅੱਪ, ਗਲੇ ਦਾ ਚੈਕਅੱਪ, ਹੱਡੀਆਂ ਨਾਲ ਸਬੰਧਤ ਸਮੱਸਿਆਵਾਂ ਦਾ ਚੈਕਅੱਪ, ਫਿਜਿਓਥੈਰੇਪੀ, ਛਾਤੀ ਸਬੰਧੀ ਸਮੱਸਿਆਵਾਂ ਦਾ ਚੈੱਕਅੱਪ, ਖ਼ੂਨ ਅਤੇ ਸ਼ੂਗਰ ਦਾ ਚੈਕਅੱਪ ਕਰਨ ਉਪਰੰਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਅੱਖਾਂ ਦੀਆਂ ਐਨਕਾਂ ਵੰਡਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੁਰਸ਼ ਬਜ਼ੁਰਗ ਜਿਹਨਾਂ ਦੀ ਉਮਰ 65 ਸਾਲ ਅਤੇ ਇਸਤਰੀ ਬਜ਼ੁਰਗ ਜਿਹਨਾਂ ਦੀ ਉਮਰ 58 ਸਾਲ ਹੋ ਚੁੱਕੀ ਹੈ ਅਤੇ ਪਤੀ-ਪਤਨੀ ਦੋਵਾਂ ਦੀ ਜ਼ਮੀਨ ਦੀ ਹੱਦਬੰਦੀ ਢਾਈ ਏਕੜ ਨਹਿਰੀ ਜਾਂ ਫਿਰ 5 ਏਕੜ ਬਰਾਨੀ ਜ਼ਮੀਨ ਹੈ, ਉਹਨਾਂ ਯੋਗ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਲਗਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਜ਼ੁਰਗਾਂ ਨੂੰ ਇਸ ਕੈਂਪ ਵਿੱਚ ਲਿਆਉਣ ਅਤੇ ਮੈਡੀਕਲ ਚੈਕਅੱਪ ਅਤੇ ਸਮੇਂ ਸਿਰ ਸਮੱਸਿਆਂ ਦਾ ਹੱਲ ਕਰਨ ਲਈ ਦਵਾਈ ਲੈਣ ਦਾ ਲਾਭ ਲੈਣ ਤਾਂ ਜੋ ਬਜ਼ੁਰਗ ਅਵਸਥਾ ਵਿੱਚ ਸਮੇਂ ਰਹਿੰਦੇ ਹੀ ਬਿਮਾਰੀਆਂ ’ਤੇ ਕਾਬੂ ਪਾਇਆ ਜਾ ਸਕੇ।