ਸਰਹੱਦ ਨੇੜੇ ਡਰੋਨ ਜਾਂ ਕੋਈ ਵੀ ਸ਼ੱਕੀ ਹਰਕਤ ਦਿਖਾਈ ਦੇਵੇ ਤਾਂ ਤੁਰੰਤ 112 ਨੰਬਰ ’ਤੇ ਸੂਚਨਾ ਦਿੱਤੀ ਜਾਵੇ – ਡੀ.ਸੀ.
ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਬੀ.ਐੱਸ.ਐੱਫ ਅਧਿਕਾਰੀਆਂ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਸਰਹੱਦੀ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਹਮੇਸ਼ਾਂ ਹੀ ਆਪਣੇ ਦੇਸ਼ ਦੀ ਸਰਹੱਦ ਦੀ ਰਾਖੀ ਲਈ ਬੀ.ਐੱਸ.ਐੱਫ ਅਤੇ ਹੋਰ ਸੁਰੱਖਿਆ ਏਜੰਸੀਆਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਪਾਕਿਸਤਾਨ ਹਰ ਸਮੇਂ ਕੋਈ ਨਾ ਕੋਈ ਢੰਗ ਤਰੀਕਾ ਲੱਭ ਕੇ ਸਾਡੇ ਦੇਸ਼ ਵਿੱਚ ਗੜਬੜੀ ਕਰਨ ਦੀ ਫਿਰਾਕ ਵਿੱਚ ਰਹਿੰਦਾ ਹੈ ਅਤੇ ਉਸ ਵੱਲੋਂ ਡਰੋਨ ਰਾਹੀਂ ਨਸ਼ੇ ਅਤੇ ਹਥਿਆਰ ਸਪਲਾਈ ਕਰਨ ਦੀਆਂ ਨਾ-ਪਾਕ ਕੋਸ਼ਿਸ਼ਾਂ ਜਾਰੀ ਹਨ। ਅਜਿਹੇ ਵਿੱਚ ਸਰਹੱਦ ਨੇੜੇ ਵੱਸਦੇ ਵਸਨੀਕਾਂ ਨੂੰ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਰਹੱਦੀ ਪਿੰਡਾਂ ਦੇ ਵਿਅਕਤੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਡਰੋਨ ਦੀ ਅਵਾਜ਼ ਸੁਣਾਈ ਦੇਵੇ ਜਾਂ ਸਰਹੱਦ ਨੇੜੇ ਕੋਈ ਸ਼ੱਕੀ ਹਰਕਤ ਦਿਖਾਈ ਦੇਵੇ ਤਾਂ ਤੁਰੰਤ ਇਸਦੀ ਸੂਚਨਾ 112 ਨੰਬਰ ’ਤੇ ਦਿੱਤੀ ਜਾਵੇ। ਇਸ ਤੋਂ ਇਲਾਵਾ ਆਪਣੇ ਇਲਾਕੇ ਵਿੱਚ ਘੁੰਮਦੇ ਹਰ ਬਾਹਰੀ ਵਿਅਕਤੀ ’ਤੇ ਨਜ਼ਰ ਰੱਖੀ ਜਾਵੇ ਅਤੇ ਉਹ ਕਿਸ ਨੂੰ ਮਿਲਦਾ ਹੈ ਜਾਂ ਕੀ ਗਤੀਵਿਧੀ ਕਰਦਾ ਹੈ ਇਸਦੀ ਜਾਣਕਾਰੀ ਵੀ 112 ਨੰਬਰ ’ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ-ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਬੀ.ਐੱਸ.ਐੱਫ ਅਧਿਕਾਰੀਆਂ ਦੇ ਨਾਲ ਸਰਹੱਦੀ ਪਿੰਡਾਂ ਵਿੱਚ ਜਾ ਕੇ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਤੇ ਹੋਰ ਪਿੰਡ ਵਾਲਿਆਂ ਨੂੰ ਵੀ ਚੌਕਸ ਕਰ ਰਹੇ ਹਨ ਤਾਂ ਜੋ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਇਸ ਮੌਕੇ ਸਰਹੱਦੀ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਮੋਹਤਬਰ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਅਤੇ ਬੀ.ਐੱਸ.ਐੱਫ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਦੇਸ਼ ਦੀ ਸੁਰੱਖਿਆ ਲਈ ਬੀ.ਐੱਸ.ਐੱਫ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਪੂਰਾ ਸਹਿਯੋਗ ਕਰਨਗੇ।