ਆਪਣੇ ਪ੍ਰਚਾਰ ਲਈ ਆਪ ਵਲੋਂ ਸ਼ਹੀਦ ਠੀਕਰੀਵਾਲਾ ਦੇ ਬੁੱਤ ਦੀ ਬੇਅਦਬੀ ਨਿੰਦਣਯੋਗ – ਜਸਬੀਰ ਕੌਰ ਨੱਤ

ਮਾਲਵਾ

ਪ੍ਰਸ਼ਾਸਨ ਨੇ ਸ਼ਹੀਦ ਦੇ ਬੁੱਤ ਨੂੰ ਢੱਕਣ ਵਾਲੇ ਫਲੈਕਸ ਬੋਰਡ ਛੇਤੀ ਨਾ ਹਟਾਏ ਤਾਂ ਸੁਤੰਤਰਤਾ ਸੰਗਰਾਮੀਆਂ ਦੇ ਵਾਰਿਸਾਂ ਦੇ ਸਹਿਯੋਗ ਨਾਲ ਅਸੀਂ ਖ਼ੁਦ ਹਟਾਂਗੇ

ਮਾਨਸਾ, ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)– ਅਸੀਂ ਜ਼ਿਲਾ ਅਤੇ ਸਥਾਨਕ ਪ੍ਰਸ਼ਾਸਨ ਨੂੰ ਬਹੁਤ ਵਾਰ ਚੇਤਾਵਨੀ ਦਿੱਤੀ ਹੈ ਕਿ ਉਹ ਮਹਾਨ ਦੇਸ਼ਭਗਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੇ ਬੁੱਤ ਦੀ ਬੇਅਦਬੀ ਨੂੰ ਰੋਕਣ ਅਤੇ ਇਸ ਚੌਂਕ ਦੀ ਸਫਾਈ ਤੇ ਸੰਭਾਲ ਦਾ ਪੱਕਾ ਪ੍ਰਬੰਧ ਕਰੇ, ਪਰ ਪ੍ਰਸ਼ਾਸਨ ਨੇ ਇਸ ਵਲੋਂ ਢੀਠਤਾਈ ਨਾਲ ਅੱਖਾਂ ਮੀਟ ਰੱਖੀਆਂ ਨੇ। ਇਹ ਗੱਲ ਅੱਜ ਸਤਾਧਾਰੀ ਆਪ ਪਾਰਟੀ ਦੇ ਸਥਾਨਕ ਲੀਡਰਾਂ ਵਲੋਂ ਆਪਣੀਆਂ ਤਸਵੀਰਾਂ ਵਾਲੇ ਵੱਡੇ ਪ੍ਰਚਾਰ ਬੋਰਡਾਂ ਨਾਲ ਸ਼ਹੀਦ ਦੇ ਬੁੱਤ ਨੂੰ ਪੂਰੀ ਤਰ੍ਹਾਂ ਢੱਕ ਦੇਣ ਖਿਲਾਫ ਵਿਰੋਧ ਪ੍ਰਦਰਸ਼ਨ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਨੇ ਕਹੀ।
ਲਿਬਰੇਸ਼ਨ ਦੀ ਮਾਨਸਾ ਸ਼ਹਿਰੀ ਕਮੇਟੀ ਦੀ ਸਕੱਤਰ ਕਾਮਰੇਡ ਜਸਬੀਰ ਕੌਰ ਨੱਤ ਵਲੋਂ ਜਾਰੀ ਬਿਆਨ ਵਿੱਚ ਦਸਿਆ ਗਿਆ ਹੈ ਕਿ ਕੱਲ ਨੂੰ ਫਫੜੇ ਭਾਈ ਕੇ ਆ ਰਹੇ ਮੁੱਖ ਮੰਤਰੀ ਮਾਨ ਨੂੰ ‘ਜੀ ਆਇਆਂ’ ਦੇ ਬੈਨਰਾਂ ਜ਼ਰੀਏ ਪ੍ਰਸੰਨ ਕਰਨ ਲਈ ਆਪ ਦੇ ਸਥਾਨਕ ਵਿਧਾਇਕ ਤੇ ਹੋਰ ਨੇਤਾ ਇਕ ਦੂਜੇ ਨੂੰ ਪਿੱਛੇ ਛੱਡਣ ਦੇ ਚੱਕਰ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸਤਿਕਾਰ ਨੂੰ ਵੀ ਭੁੱਲ ਗਏ ਤੇ ਉਨ੍ਹਾਂ ਨੇ ਬੁੱਤ ਨੂੰ ਆਪਣੀਆਂ ਤਸਵੀਰਾਂ ਵਾਲੇ ਬੈਨਰਾਂ ਪਿੱਛੇ ਲੁਕੋ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਨਾਲਾਇਕੀ ਦਾ ਆਲਮ ਇਹ ਹੈ ਕਿ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸ਼ਹਿਰ ਦੇ ਸੁਤੰਤਰਤਾ ਸੰਗਰਾਮੀਆਂ ਦੇ ਉੱਦਮ ਨਾਲ ਸਥਾਪਿਤ ਹੋਏ ਇਸ ਬੁੱਤ ਦੇ ਦੁਆਲੇ ਬਣੇ ਚੌਂਕ ਦੀਆਂ ਰੰਗਦਾਰ ਲਾਈਟਾਂ ਅਤੇ ਫੁਹਾਰੇ ਬੜੇ ਅਰਸੇ ਤੋਂ ਬੰਦ ਪਏ ਹਨ। ਉਨ੍ਹਾਂ ਨੂੰ ਚਲਾਉਣ, ਚੌਂਕ ਦੀ ਰੋਜ਼ਾਨਾ ਸਫ਼ਾਈ ਕਰਨ, ਗਰਿੱਲਾਂ ਨੂੰ ਰੰਗ ਰੋਗਨ ਕਰਨ ਜਾਂ ਫੁੱਲ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਵੱਲ ਨਾ ਨਗਰ ਕੌਂਸਲ ਦਾ ਕੋਈ ਧਿਆਨ ਹੈ ਅਤੇ ਨਾ ਸਥਾਨਕ ਐਸਡੀਐਮ ਜਾਂ ਡਿਪਟੀ ਕਮਿਸ਼ਨਰ ਦਾ। ਉਲਟਾ ਮੇਨ ਰੋਡ ਤੋਂ ਆਉਂਦੀ ਸੜਕ ਦੇ ਬਿਲਕੁਲ ਸਾਹਮਣੇ ਟ੍ਰੈਫਿਕ ਪੁਲਿਸ ਦਾ ਇਕ ਬੂਥ ਉਸਾਰ ਦਿੱਤਾ ਗਿਆ ਹੈ, ਜਿਸ ਨੇ ਉਸ ਪਾਸੇ ਤੋਂ ਸ਼ਹੀਦ ਦੇ ਬੁੱਤ ਨੂੰ ਪੂਰੀ ਤਰ੍ਹਾਂ ਲੁਕਾ ਰਖਿਆ ਹੈ। ਇਸ ਬੂਥ ਨੂੰ ਇਥੋਂ ਹਟਾਉਣ ਦੀ ਗੱਲ ਜਨਤਾ ਵਲੋਂ ਵਾਰ ਵਾਰ ਜ਼ਿੰਮੇਵਾਰ ਪੁਲਿਸ ਅਫਸਰਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ, ਪਰ ਹਾਲੇ ਤੱਕ ਹੋਇਆ ਕੁਝ ਨਹੀਂ। ਸ਼ਹੀਦ ਦੀ ਬਰਸੀ 20 ਜਨਵਰੀ ਨੂੰ ਹੁੰਦੀ ਹੈ ਅਤੇ ਸ਼ਰਮ ਦੀ ਗੱਲ ਇਹ ਸੀ ਕਿ ਬੁੱਤ ਅਤੇ ਚੌਕ ਦੀ ਤਰਸਯੋਗ ਹਾਲਤ ਨੂੰ ਵੇਖ ਕੇ ਦੋ ਸਾਲ ਪਹਿਲਾਂ ਤੱਕ ਪਿੰਡ ਠੀਕਰੀਵਾਲਾ ਤੋਂ ਸ਼ਹੀਦ ਸੇਵਾ ਸਿੰਘ ਯਾਦਗਾਰ ਕਮੇਟੀ ਵਲੋਂ ਕੁਝ ਸੱਜਣ ਵਿਸ਼ੇਸ਼ ਤੌਰ ‘ਤੇ ਮਾਨਸਾ ਆ ਕੇ ਇਸ ਜਗ੍ਹਾ ਦੀ ਸਫਾਈ ਕਰਿਆ ਕਰਦੇ ਸਨ, ਜੋ ਕਿ ਮਾਨਸਾ ਵਾਸੀਆਂ ਲਈ ਸ਼ਰਮ ਤੇ ਨਮੋਸ਼ੀ ਦੀ ਗੱਲ ਸੀ, ਪਰ ਹੁਣ ਸੁਤੰਤਰਤਾ ਸੰਗਰਾਮੀਆਂ ਦੇ ਵਾਰਿਸਾਂ ਅਤੇ ਲਿਬਰੇਸ਼ਨ ਦੇ ਵਰਕਰਾਂ ਨੇ ਇਹ ਕੰਮ ਖੁਦ ਕਰਨਾ ਆਰੰਭ ਕਰ ਦਿੱਤਾ ਹੈ। ਚੌਂਕ ਦੇ ਦੁਆਲੇ ਦੀਆਂ ਗਰਿੱਲਾਂ ਉਤੇ ਪੇਂਟ ਕਰਵਾਉਣ ਦੀ ਸੇਵਾ ਵੀ ਇਕ ਦੋ ਸੱਜਣ ਨਿੱਜੀ ਤੌਰ ਤੇ ਹੀ ਕਰਦੇ ਹਨ। ਜਾਪਦਾ ਹੈ ਕਿ ਪ੍ਰਸ਼ਾਸਨ ਤੇ ਨੇਤਾ ਸਿਰਫ਼ 15 ਅਗਸਤ ਨੂੰ ਭਾਸ਼ਨਾਂ ਵਿੱਚ ਆਜ਼ਾਦੀ ਘੁਲਾਟੀਆਂ ਦਾ ਰਸਮੀ ਤੌਰ ਜ਼ਿਕਰ ਕਰਨ ਤੋਂ ਇਲਾਵਾ ਹੋਰ ਕੁਝ ਵੀ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਸਮਝਦੇ। ਸ਼ਹੀਦਾਂ ਦੇ ਬੁੱਤਾਂ ਦੀ ਅਹਿਮੀਅਤ ਉਨ੍ਹਾਂ ਦੀ ਨਜ਼ਰ ਵਿੱਚ ਸ਼ਾਇਦ ਅਪਣੇ ਭ੍ਰਿਸ਼ਟ ਚੇਹਰਿਆਂ ਦੀ ਪ੍ਰਦਰਸ਼ਨੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਪ੍ਰਸ਼ਾਸਨ ਨੇ ਸ਼ਹੀਦ ਦੇ ਬੁੱਤ ਨੂੰ ਢੱਕ ਰਹੇ ਇੰਨਾਂ ਬੈਨਰਾਂ ਨੂੰ ਨਾ ਹਟਾਇਆ, ਤਾਂ ਇਹ ਕੰਮ ਸੁਤੰਤਰਤਾ ਸੰਗਰਾਮੀਆਂ ਦੇ ਵਾਰਿਸ ਅਤੇ ਲਿਬਰੇਸ਼ਨ ਵਰਕਰ ਖੁਦ ਕਰਨ ਲਈ ਮਜ਼ਬੂਰ ਹੋਣਗੇ। ਇਸ ਰੋਸ ਪ੍ਰਦਰਸ਼ਨ ਵਿੱਚ ਕਾਮਰੇਡ ਗੁਰਸੇਵਕ ਮਾਨ, ਬਲਵਿੰਦਰ ਚਾਹਲ, ਹੈਪੀ ਘਰਾਂਗਣਾ, ਗੁਰਪ੍ਰੀਤ ਸਿੰਘ ਦੂਲੋਵਾਲ, ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਮੰਗਾ ਸਿੰਘ ਅਤੇ ਨਿਰਮਲ ਸਿੰਘ ਸਮੇਤ ਹੋਰ ਵਰਕਰ ਸ਼ਾਮਲ ਸਨ।

Leave a Reply

Your email address will not be published. Required fields are marked *