80 ਸਾਲ ਪੁਰਾਣੀ ਮੰਗ ਹੋਈ ਪੂਰੀ, ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਮਿਲੇਗਾ ਘਰਾਂ ਦਾ ਕਾਨੂੰਨੀ ਮਾਲਕੀ ਹੱਕ: ਰਮਨ ਬਹਿਲ
ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵੱਲੋਂ ਪਿੰਡ ਸਲੀਮਪੁਰ ਅਫਗਾਨਾ ਵਿਖੇ ਪਰਿਵਾਰਾਂ ਨੂੰ ਘਰਾਂ ਦੀ ਮਾਲਕੀ ਦੇ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਲਗਭਗ 80 ਸਾਲ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ। ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਕੋਲ ਆਪਣੇ ਘਰਾਂ ਦੀ ਮਾਲਕੀ ਦੇ ਪੱਕੇ ਦਸਤਾਵੇਜ਼ ਨਾ ਹੋਣ ਕਾਰਨ ਕਈ ਮੁਸ਼ਕਿਲਾਂ ਆਉਂਦੀਆਂ ਸਨ। ਹੁਣ ਇਸ ਯੋਜਨਾ ਨਾਲ ਉਨ੍ਹਾਂ ਨੂੰ ਕਾਨੂੰਨੀ ਮਾਲਕੀ ਦਾ ਹੱਕ ਮਿਲੇਗਾ ਅਤੇ ਜਾਇਦਾਦ ਸਬੰਧੀ ਝਗੜਿਆਂ ਵਿੱਚ ਕਮੀ ਆਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹਰ ਯੋਗ ਪਰਿਵਾਰ ਨੂੰ ਉਸ ਦੇ ਹੱਕ ਦਿਵਾਉਣਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਤਹਿਸੀਲਦਾਰ ਗੁਰਦਾਸਪੁਰ ਮੁਨੀਸ਼ ਕੁਮਾਰ, ਸਟਾਫ ਮੈਂਬਰ ਮਨਦੀਪ, ਰੋਹਿਤ ਕੁਮਾਰ ਅਤੇ ਸੁਨੀਲ ਕੁਮਾਰ, ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ , ਸਰਪੰਚ ਗੋਰੂ, ਬਲਾਕ ਸੰਮਤੀ ਮੈਂਬਰ ਜਤਿੰਦਰ ਕੌਰ, ਲੰਬੜਦਾਰ ਰਣਜੀਤ ਸਿੰਘ, ਦਵਿੰਦਰ ਸਿੰਘ, ਸੰਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

