ਅਤੁਲਯ ਭਾਰਤ’ ਰੋਲਰ ਸਕੈਟਿੰਗ ਯਾਤਰਾ ਦਾ ਦੀਨਾਨਗਰ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ

ਗੁਰਦਾਸਪੁਰ

ਬਨਾਰਸ ਦੇ ਲੜਕੇ-ਲੜਕੀਆਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਰੋਲਰ ਸਕੇਟਸ ’ਤੇ ਪੂਰਾ ਕਰਨਗੇ

ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ) – ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੋ ਰਹੀ ‘ਅਤੁਲਯ ਭਾਰਤ’ ਰੋਲਰ ਸਕੈਟਿੰਗ ਯਾਤਰਾ ਦਾ ਅੱਜ ਜ਼ਿਲ਼੍ਹਾ ਗੁਰਦਾਸਪੁਰ ਵਿੱਚ ਦਾਖਲ ਹੋਣ ’ਤੇ ਦੀਨਾਨਗਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਰੋਲਰ ਸਕੈਟਿੰਗ ਯਾਤਰਾ ਵਿੱਚ 10 ਲੜਕੀਆਂ ਅਤੇ 10 ਲੜਕੇ ਭਾਗ ਲੈ ਰਹੇ ਹਨ ਜੋ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਰੋਲਰ ਸਕੇਟਸ ’ਤੇ ਕਰਨਗੇ। ਇਹ ਯਾਤਰਾ 27 ਸਤੰਬਰ 2022 ਨੂੰ ਸ੍ਰੀਨਗਰ ਦੇ ਲਾਲ ਚੌਂਕ (ਕਸ਼ਮੀਰ) ਤੋਂ ਸ਼ੁਰੂ ਹੋਈ ਸੀ ਜੋ 25 ਦਸੰਬਰ 2022 ਨੂੰ ਕੰਨਿਆ ਕੁਮਾਰੀ ਦੇ ਵਿਵੇਕਾਨੰਦ ਟੈਂਪਲ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ। ਇਸ ਯਾਤਰਾ ਦਾ ਮੁੱਖ ਮੰਤਵ ਗ੍ਰਾਹਕ ਹਿੱਤ ਸੁਰੱਖਿਆ, ਨਾਰੀ ਸਸ਼ਕਤੀਕਰਨ, ਪੌਦੇ ਲਗਾਉਣਾ, ਵਾਤਾਵਰਨ ਸੁਰੱਖਿਆ, ਦੇਖੋ ਆਪਣਾ ਦੇਸ਼ ਅਤੇ ਫਿੱਟ ਇੰਡੀਆ ਮੁਹਿੰਮ ਹੈ। ਇਹ ਟੀਮ 100 ਦਿਨ ਦੀ ਯਾਤਰਾ ਦੌਰਾਨ ਤਕਰੀਬਨ 5000 ਕਿਲੋਮੀਟਰ ਦਾ ਸਫ਼ਰ ਤਹਿ ਕਰੇਗੀ ਅਤੇ 13 ਰਾਜਾਂ ਦੇ ਤਕਰੀਬਨ 100 ਸ਼ਹਿਰਾਂ ਵਿਚੋਂ ਲੰਘੇਗੀ।

ਇਸ ਯਾਤਰਾ ਦਾ ਅੱਜ ਰਾਤ ਦਾ ਪੜਾਅ ਦੀਨਾਨਗਰ ਸ਼ਹਿਰ ਦੇ ਐੱਸ.ਐੱਸ.ਐੱਮ ਕਾਲਜ ਵਿਖੇ ਹੋਇਆ ਹੈ ਜਿਥੋਂ ਇਹ ਅੱਗੇ ਬਟਾਲਾ ਤੇ ਅੰਮ੍ਰਿਤਸਰ ਨੂੰ ਰਵਾਨਾ ਹੋਵੇਗੀ। ਇਸ ਟੀਮ ਦੇ ਗੁਰੱਪ ਲੀਡਰ ਰਾਜੇਸ਼ ਡੋਗਰਾ ਨੇ ਦੱਸਿਆ ਕਿ ਰੋਲਰ ਸਕੈਟਿੰਗ ਯਾਤਰਾ ਦੇ ਸਾਰੇ ਮੈਂਬਰ ਉੱਤਰ ਪ੍ਰਦੇਸ਼ ਦੇ ਸ਼ਹਿਰ ਬਨਾਰਸ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ 27 ਸਤੰਬਰ 2022 ਨੂੰ ਸ੍ਰੀਨਗਰ ਦੇ ਲਾਲ ਚੌਂਕ (ਕਸ਼ਮੀਰ) ਤੋਂ ‘ਅਤੁਲਯ ਭਾਰਤ’ ਰੋਲਰ ਸਕੈਟਿੰਗ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ 25 ਦਸੰਬਰ 2022 ਨੂੰ ਕੰਨਿਆ ਕੁਮਾਰੀ ਦੇ ਵਿਵੇਕਾਨੰਦ ਟੈਂਪਲ ਵਿਖੇ ਪਹੁੰਚ ਕੇ ਇਹ ਯਾਤਰਾ ਸਮਾਪਤ ਹੋਵੇਗੀ।

ਗੁਰਦਾਸਪੁਰੀਆਂ ਦੀ ਮਹਿਮਾਨ ਨਿਵਾਜੀ ਅਤੇ ਖੁਲ-ਦਿਲੇ ਸੁਭਾਅ ਦਾ ਜਿਕਰ ਕਰਦਿਆਂ ਰੋਲਰ ਸਕੈਟਿੰਗ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਗੁਰਦਾਸਪੁਰੀਆਂ ਦੀ ਮਹਿਮਾਨ ਨਿਵਾਜੀ ਉਹ ਕਦੀ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇ-ਭਰੇ ਖੇਤਾਂ ਅਤੇ ਇਥੋਂ ਦੇ ਮਿਲਣਸਾਰ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ ਅਤੇ ਗੁਰਦਾਸਪੁਰ ਦੀ ਯਾਤਰਾ ਹਮੇਸ਼ਾਂ ਉਨ੍ਹਾਂ ਨੂੰ ਯਾਦ ਰਹੇਗੀ।

ਓਧਰ ਤਹਿਸੀਲਦਾਰ ਪਰਮਜੀਤ ਸਿੰਘ ਗੁਰਾਇਆ ਅਤੇ ਹੋਰ ਅਧਿਕਾਰੀਆਂ ਨੇ ਦੀਨਾਨਗਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਟੀਮ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਅਗਲੇਰੀ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *