ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਸੁਚਾਰੂ ਖਰੀਦ ਲਈ ਵੱਖ-ਵੱਖ ਕਮੇਟੀਆਂ ਦਾ ਗਠਨ
ਜ਼ਿਲ੍ਹੇ ਦੀਆਂ 10 ਵੱਡੀਆਂ ਵਿੱਚ ਸਥਾਪਤ ਕੀਤੇ ਕਿਸਾਨ ਸੇਵਾ ਕੇਂਦਰ
ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ) – ਝੋਨੇ ਦੀ ਖਰੀਦ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੀਤੇ ਗਏ ਵੱਖ-ਵੱਖ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਗੁਰਦਾਸਪੁਰ ਦੇ ਦਫ਼ਤਰ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸਦਾ ਨੰਬਰ 01874-247193 ਹੈ। ਇਹ ਕੰਟਰੋਲ ਰੂਮ ਖਰੀਦ ਸੀਜ਼ਨ ਦੌਰਾਨ ਰੋਜ਼ਾਨਾ ਸਵੇਰੇ 7:00 ਵਜੇ ਤੋਂ ਦੇਰ ਸ਼ਾਮ 8:00 ਵਜੇ ਤੱਕ ਕੰਮ ਕਰੇਗਾ। ਇਸ ਕੰਟਰੋਲ ਰੂਮ ਦੀ ਨਿਗਰਾਨੀ ਲਈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਗੁਰਦਾਸਪੁਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਦੀ ਡਿਊਟੀ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 10 ਵੱਡੀਆਂ ਮੰਡੀਆਂ ਬਟਾਲਾ, ਗੁਰਦਾਸਪੁਰ, ਕਲਾਨੌਰ, ਦੀਨਾਨਗਰ, ਡੇਰਾ ਬਾਬਾ ਨਾਨਕ, ਕਾਦੀਆਂ, ਫ਼ਤਹਿਗੜ੍ਹ ਚੂੜੀਆਂ, ਕਾਹਨੂੰਵਾਨ, ਸ੍ਰੀ ਹਰਗੋਬਿੰਪੁਰ ਸਾਹਿਬ ਅਤੇ ਧਾਰੀਵਾਲ ਵਿਖੇ ਕਿਸਾਨ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਸੇਵਾ ਕੇਂਦਰਾਂ ਵਿੱਚ ਤਾਇਨਾਤ ਕਰਮਚਾਰੀ ਕਿਸਾਨਾਂ ਦੀਆਂ ਸ਼ਿਕਾਇਤਾਂ ਜਿਵੇਂ ਝੋਨੇ ਵਿੱਚ ਨਮੀਂ ਦੀ ਮਾਤਰਾ, ਘੱਟ ਤੋਲ ਅਤੇ ਬੋਲੀ ਨਾ ਲਗਾਉਣ ਸਬੰਧੀ ਸ਼ਿਕਾਇਤਾਂ ਗੂਗਲਸ਼ੀਟ ’ਤੇ ਅਪਲੋਡ ਕਰਨਗੇ ਤਾਂ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦਾ ਫੌਰੀ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਨੂੰ ਮੰਡੀਆਂ ਵਿੱਚ ਬਣਾਏ ਸੇਵਾ ਕੇਂਦਰਾਂ ਦੀ ਨਿਗਰਾਨੀ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਝੋਨੇ ਜਾਂ ਚਾਵਲ ਦੀ ਬੋਗਸ ਖਰੀਦ/ ਗੈਰ ਕਾਨੂਮਨੀ ਰੀਸਾਇਕਲਿੰਗ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਉੱਡਨ ਦਸਤਿਆਂ (ਫਲਾਇੰਗ ਸੁਕੈਡ) ਦਾ ਗਠਨ ਕੀਤਾ ਗਿਆ ਹੈ। ਇਹ ਉੱਡਨ ਦਸਤੇ ਮਾਰਕਿਟ ਕਮੇਟੀ ਪੱਧਰ ’ਤੇ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ/ਚਾਵਲ ਦੀ ਪੂਰੀ ਨਿਗਰਾਨੀ ਰੱਖਣਗੇ। ਇਨ੍ਹਾਂ ਉੱਡਨ ਦਸਤਿਆਂ ਵਿੱਚ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਕੱਤਰ ਮਾਰਕਿਟ ਕਮੇਟੀ, ਈ.ਟੀ.ਓ ਅਤੇ ਐੱਸ.ਐੱਸ.ਓ. ਸ਼ਾਮਲ ਕੀਤੇ ਗਏ ਹਨ।
ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀ ਲਿਫਟਿੰਗ ਦੀ ਨਿਗਰਾਨੀ ਰੱਖਣ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਹੈ ਜਿਸ ਦੇ ਚੇਅਰਮੈਨ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਹੋਣਗੇ। ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਕਨਵੀਨਰ, ਸਹਾਇਕ ਕਿਰਤ ਕਮਿਸ਼ਨਰ ਗੁਰਦਾਸਪੁਰ, ਜ਼ਿਲ੍ਹਾ ਮੈਨੇਜਰ ਮਾਰਕਫੈੱਡ, ਜ਼ਿਲ੍ਹਾ ਮੈਨੇਜਰ ਪਨਸਪ ਅਤੇ ਜ਼ਿਲ੍ਹਾ ਮੈਨੇਜਰ ਵੇਅਰ ਹਾਊਸ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਮੇਟੀ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਲਈ ਲੇਬਰ ਨਾਲ ਸਬੰਧਤ ਮੁੱਦਿਆਂ ਸਬੰਧੀ ਧਿਆਨ ਰੱਖੇਗੀ ਤਾਂ ਜੋ ਮੰਡੀਆਂ ਵਿੱਚ ਖਰੀਦ ਕੀਤੇ ਗਏ ਝੋਨੇ ਦੀ ਲਿਫਟਿੰਗ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਮੰਡੀਆਂ ਵਿੱਚੋਂ ਝੋਨੇ ਦੀ ਢੋਆ-ਢੁਆਈ ਦੀ ਨਿਗਰਾਨੀ ਲਈ ਟਰਾਂਸਪੋਰਟ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ।