ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਲੋਂ ਰਾਸ਼ਟਰੀ ਕ੍ਰਿਸੀ ਵਿਕਾਸ ਯੋਜਨਾ ਅਧੀਨ ਪਾਣੀ ਅਤੇ ਪਰਾਲੀ ਦੀ ਸਾਂਭ-ਸੰਭਾਲ ਦੀਆਂ ਤਕਨੀਕਾਂ ਸਬੰਧੀ ਪਿੰਡ ਪਨਿਆੜ ਦੇ ਫੋਕਲ ਪੁਆਇਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਵਿੱਚ 120 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ।
ਕੈਂਪ ਦੌਰਾਨ ਡਾ. ਜਗਦੀਸ਼ ਸਿੰਘ, ਭੂਮੀ ਵਿਗਿਆਨੀ ਨੇ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਉਪਰਾਲੇ ਸੁਹਿਰਦ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਿਵਾਇਤੀ ਫਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ ਪਾਣੀ ਦੀ ਘੱਟ ਲਾਗਤ ਵਾਲੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਖੇਤੀ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਆ।
ਡਾ. ਆਰ.ਐੱਸ ਬੱਲ, ਜ਼ਿਲਾ੍ ਪਸਾਰ ਮਾਹਿਰ ਨੇ ਕਿਸਾਨਾਂ ਨੂੰ ਬਾਸਮਤੀ, ਗੰਨੇ ਅਤੇ ਹੋਰ ਫਸਲਾਂ ਅਤੇ ਫਲਦਾਰ ਬੂਟੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਡਾ ਆਰ.ਐੱਸ ਛੀਨਾ, ਖੇਤੀ ਇੰਜੀਨਿਅਰ ਨੇ ਵਾਤਾਵਰਨ ਦੀ ਸੰਭਾਲ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ ਜਿਵੇਂ ਹੈਪੀ ਸੀਡਰ, ਸੁਪਰ ਸੀਡਰ ਅਤੇ ਪੀ.ਏ.ਯੂ. ਸਮਾਟ ਸੀਡਰ ਅਪਨਾਉਣ ਲਈ ਕਿਹਾ ਅਤੇ ਇਹਨਾਂ ਤਕਨੀਕਾਂ ਨਾਲ ਦਰਪੇਸ਼ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਸਬੰਧੀ ਜਾਣਕਾਰੀ ਦਿੱਤੀ। ਬਦਲਦੇ ਮੌਸਮ ਕਾਰਨ ਖੇਤੀਬਾੜੀ ਵਿਚ ਆਉਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਖੇਤਰੀ ਖੋਜ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾ ਸਬੰਧੀ ਜਾਣਕਾਰੀ ਦਿੱਤੀ।
ਡਾ. ਹਰਪਾਲ ਸਿੰਘ ਰੰਧਾਵਾ, ਸੀਨੀਅਰ ਕੀਟ ਵਿਗਿਆਨੀ ਨੇ ਕਿਸਾਨਾਂ ਨੂੰ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਲਈ ਨਦੀਨ-ਨਾਸ਼ਕਾਂ ਅਤੇ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਉਤਪਾਦ ਜਿਵੇ ਕਿ ਗੁੜ-ਸ਼ੱਕਰ, ਆਟਾ, ਬਿਸਕੁਟ, ਅਚਾਰ, ਮੌਰਬੇ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕਰਨ ਲਈ ਪ੍ਰੇਰਿਆ। ਡਾ. ਹਰਪ੍ਰੀਤ ਸਿੰਘ, ਫ਼ਸਲ ਵਿਗਿਆਨੀ ਨੇ ਕੈਂਪ ਵਿਚ ਮੁੱਖ ਫਸਲਾਂ ਕਣਕ, ਗੰਨੇ ਅਤੇ ਹੋਰ ਫਸਲਾਂ ਦੀ ਸਾਂਭ-ਸੰਭਾਲ ਅਤੇ ਨਦੀਨ ਨਾਸ਼ਕਾਂ ਸਬੰਧੀ ਜਾਣਕਾਰੀ ਦਿੱਤੀ। ਵੱਖ-ਵੱਖ ਵਿਸ਼ਿਆਂ ’ਤੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਮਾਹਿਰਾਂ ਵੱਲੋਂ ਜਵਾਬ ਦਿੱਤੇ ਗਏ। ਇਸ ਮੌਕੇ ਖੇਤੀ ਸਾਹਿਤ ਅਤੇ ਸ਼ਬਜੀਆ ਦੇ ਬੀਜ ਵੀ ਵੰਡੇ ਗਏ। ਇਸ ਮੌਕੇ ਕਸ਼ਮੀਰ ਸਿੰਘ ਤੇ ਅਮ੍ਰਿਤਪਾਲ ਸਿੰਘ ਨੇ ਆਏ ਹੋਏ ਕਿਸਾਨ ਭਰਾਵਾਂ ਦਾ ਧੰਨਵਾਦ ਕੀਤਾ।