ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)–ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵੱਲੋਂ ਪਿੰਡ ਮਸਤਕੋਟ ਵਿਖੇ ਐਨਸੀਆਈਪੀਐਮ ਦੇ ਸਹਿਯੋਗ ਨਾਲ“ਬਾਸਮਤੀ ਚੌਲਾਂ ਵਿੱਚ ਏਕੀਕ੍ਰਿਤ ਕੀਟ ਪ੍ਰਬੰਧਨ” ਵਿਸ਼ੇ‘ਤੇ ਇੱਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਲਾਈਨ ਵਿਭਾਗ ਦੇ 100 ਤੋਂ ਵੱਧ ਕਿਸਾਨਾਂ ਅਤੇ ਪਸਾਰ ਵਰਕਰਾਂ ਨੇ ਭਾਗ ਲਿਆ। ਡਾ. ਸਰਬਜੀਤ ਸਿੰਘ ਔਲਖ (ਐਸੋਸੀਏਟ ਡਾਇਰੈਕਟਰ (ਟੀ.ਆਰ.ਜੀ.), ਕੇ.ਵੀ.ਕੇ., ਗੁਰਦਾਸਪੁਰ) ਨੇ ਕਿਸਾਨਾਂ ਅਤੇ ਹੋਰ ਭਾਗੀਦਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਕਿਸਾਨਾਂ ਅਤੇ ਨੌਜਵਾਨਾਂ ਦੇ ਲਾਭ ਲਈ ਸਮੇਂ-ਸਮੇਂ ‘ਤੇ ਕੇ.ਵੀ.ਕੇ ਵੱਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਕਿੱਤਾਮੁਖੀ ਸਿਖਲਾਈਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ। ਡਾ. ਮੁਕੇਸ਼ ਸਹਿਗਲ (ਪ੍ਰਧਾਨ ਕੀਟ-ਵਿਗਿਆਨੀ, ਨਵੀਂ ਦਿੱਲੀ) ਅਤੇ ਡਾ. ਰਘੁਬਿੰਦਰਾ (ਪ੍ਰਧਾਨ ਕੀਟ-ਵਿਗਿਆਨੀ, ਨਵੀਂ ਦਿੱਲੀ) ਨੇ ਇਸ ਮੌਕੇ ਸ਼ਿਰਕਤ ਕੀਤੀ। ਡਾ. ਮੁਕੇਸ਼ ਸਹਿਗਲ ਨੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਰਹਿਤ ਬਾਸਮਤੀ ਚਾਵਲ ਪੈਦਾ ਕਰਨ ਲਈ ਕੀਟ ਕੰਟਰੋਲ ਲਈ ਗੈਰ-ਰਸਾਇਣਕ ਤਰੀਕਿਆਂ ਦੀ ਵਰਤੋਂ ਬਾਰੇ ਲੈਕਚਰ ਦਿੱਤਾ। ਡਾ: ਰਘੁਬਿੰਦਰਾ ਨੇ ਟਿਕਾਊ ਖੇਤੀ ਉਤਪਾਦਨ ਲਈ ਵੱਖ-ਵੱਖ ਤਕਨੀਕਾਂ ਬਾਰੇ ਚਰਚਾ ਕੀਤੀ। ਡਾ. ਆਰ.ਐਸ. ਬੱਲ (ਜ਼ਿਲ੍ਹਾ ਪਸਾਰ ਮਾਹਿਰ ਗੁਰਦਾਸਪੁਰ) ਨੇ ਬਾਸਮਤੀ ਚੌਲਾਂ ਵਿੱਚ ਏਕੀਕ੍ਰਿਤ ਬਿਮਾਰੀ ਪ੍ਰਬੰਧਨ ‘ਤੇ ਲੈਕਚਰ ਦਿੱਤਾ। ਡਾ: ਰਾਜਵਿੰਦਰ ਕੌਰ, ਸਹਾਇਕ ਪ੍ਰੋਫ਼ੈਸਰ, ਨੇ ਬਾਸਮਤੀ ਦੀ ਫ਼ਸਲ ਵਿੱਚ ਵੱਖ-ਵੱਖ ਕੀੜੇ-ਮਕੌੜਿਆਂ ਅਤੇ ਉਨ੍ਹਾਂ ਦੇ ਏਕੀਕ੍ਰਿਤ ਪ੍ਰਬੰਧਨ ਬਾਰੇ ਚਰਚਾ ਕੀਤੀ। ਡਾ: ਅਨਿਲ ਖੋਖਰ, ਸਹਾਇਕ ਪ੍ਰੋਫ਼ੈਸਰ ਨੇ ਸਾਉਣੀ ਦੀਆਂ ਫ਼ਸਲਾਂ ਵਿੱਚ ਏਕੀਕ੍ਰਿਤ ਨਦੀਨਾਂ ਦੇ ਪ੍ਰਬੰਧਨ ਬਾਰੇ ਦੱਸਿਆ। ਡਾ: ਸਤਵਿੰਦਰਜੀਤ ਕੌਰ, ਐਸੋਸੀਏਟ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਇਸ ਮੌਕੇ ਸਟੇਜ ਦਾ ਸੰਚਾਲਨ ਕੀਤਾ ਅਤੇ ਟਿਕਾਊ ਫਸਲ ਉਤਪਾਦਨ ਵਿੱਚ ਸੰਤੁਲਿਤ ਖਾਦ ਦੀ ਭੂਮਿਕਾ ਬਾਰੇ ਗੱਲ ਕੀਤੀ।


