ਚੇਅਰਮੈਨ ਰਮਨ ਬਹਿਲ ਨੇ ਦੁਕਾਨਦਾਰਾਂ ਨਾਲ ਕੀਤੇ ਵਾਅਦੇ ਨੂੰ ਨਿਭਾਇਆ, ਮੁੱਖ ਮੰਤਰੀ ਰਾਹਤ ਫ਼ੰਡ ਵਿਚੋਂ ਦਿਵਾਈ ਮਾਲੀ ਇਮਦਾਦ
ਗੁਰਦਾਸਪੁਰ, 17 ਜੁਲਾਈ ( ਸਰਬਜੀਤ ਸਿੰਘ ) – ਪਿਛਲੇ ਮਹੀਨੇ 10 ਜੂਨ ਨੂੰ ਗੁਰਦਾਸਪੁਰ ਸ਼ਹਿਰ ਦੇ ਅਮਾਂਮਵਾੜਾ ਚੌਂਕ ਵਿੱਚ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਅੱਗ ਲੱਗਣ ਨਾਲ ਸੜ ਗਈਆਂ ਸਨ, ਉਨ੍ਹਾਂ ਦੁਕਾਨਦਾਰਾਂ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਚੇਅਰਮੈਨ ਰਮਨ ਬਹਿਲ ਨੇ ਆਪਣੇ ਨਿੱਜੀ ਯਤਨ ਕਰਕੇ ਗੁਰਦਾਸਪੁਰ ਦੇ ਇਨ੍ਹਾਂ ਪੀੜ੍ਹਤ ਦੁਕਾਨਦਾਰਾਂ ਨੂੰ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਇਹ ਸਹਾਇਤਾ ਰਾਸ਼ੀ ਜਾਰੀ ਕਰਵਾਈ ਹੈ ਜਿਸ ਨਾਲ ਇਨ੍ਹਾਂ ਪੀੜ੍ਹਤ ਦੁਕਾਨਾਂ ਨੂੰ ਕੁਝ ਰਾਹਤ ਮਿਲੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਜਦੋਂ 10 ਜੂਨ ਨੂੰ ਗੁਰਦਾਸਪੁਰ ਸ਼ਹਿਰ ਦੇ ਅਮਾਂਮਵਾੜਾ ਚੌਂਕ ਵਿੱਚ ਅੱਗ ਲੱਗਣ ਨਾਲ 7 ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ ਤਾਂ ਉਨ੍ਹਾਂ ਨੇ ਜਿੱਥੇ ਪੀੜ੍ਹਤ ਦੁਕਾਨਦਾਰਾਂ ਨਾਲ ਆਪਣਾ ਅਫ਼ਸੋਸ ਜ਼ਾਹਿਰ ਕੀਤਾ ਸੀ ਓਥੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਪੰਜਾਬ ਸਰਕਾਰ ਕੋਲੋਂ ਇਸ ਨੁਕਸਾਨ ਦੀ ਭਰਪਾਈ ਲਈ ਜ਼ਰੂਰ ਕੋਈ ਨਾ ਕੋਈ ਮਾਲੀ ਇਮਦਾਦ ਦਿਵਾਉਣਗੇ। ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਆਪਣੇ ਦੁਕਾਨਦਾਰ ਭਰਾਵਾਂ ਦੀ ਮਾਲੀ ਇਮਦਾਦ ਕਰਨ ਦੀ ਬੇਨਤੀ ਤੇ ਪੈਰਵੀ ਕੀਤੀ ਸੀ।
ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ਵਿੱਚੋਂ ਗੁਰਦਾਸਪੁਰ ਦੇ 7 ਪੀੜ੍ਹਤ ਦੁਕਾਨਦਾਰ ਵਰੁਣ ਮਲਹੋਤਰਾ, ਰਾਜੀਵ ਕੁਮਾਰ, ਜਗਦੀਸ਼ ਰਾਜ, ਮੋਹਿਤ ਸਰਨਾ, ਅਸ਼ੋਕ ਨਾਥ ਕੌਸ਼ਲ, ਗੋਪਾਲ ਨਾਥ ਅਤੇ ਪਵਨ ਕੁਮਾਰ ਨੂੰ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਇਹ ਸਹਾਇਤਾ ਰਾਸ਼ੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭੇਜ ਦਿੱਤੀ ਗਈ ਹੈ ਜੋ ਕਿ ਜਲਦੀ ਹੀ ਇਨ੍ਹਾਂ ਦੁਕਾਨਦਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੀ ਜਾਵੇਗੀ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੇ ਵਾਸੀ ਉਨ੍ਹਾਂ ਦਾ ਆਪਣਾ ਪਰਿਵਾਰ ਹਨ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸਹਾਈ ਹੋਣਾ ਉਨ੍ਹਾਂ ਦਾ ਇਖ਼ਲਾਕੀ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਹਾਇਤਾ ਰਾਸ਼ੀ ਪੀੜ੍ਹਤ ਦੁਕਾਨਦਾਰਾਂ ਨੂੰ ਰਾਹਤ ਦੇਣ ਵਿੱਚ ਸਹਾਈ ਹੋਵੇਗੀ। ਇਸਦੇ ਨਾਲ ਹੀ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੀ ਇਹ ਸਹਾਇਤਾ ਰਾਸ਼ੀ ਜਾਰੀ ਕਰਨ ਲਈ ਧੰਨਵਾਦ ਕੀਤਾ।