ਹੁਸ਼ਿਆਰਪੁਰ, ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਲੋਕ ਸਭਾ ਦੇ ਕਾਂਗਰਸੀ ਉਮੀਦਵਾਰਾਂ ਦੇ ਵੱਖ ਵੱਖ ਲੋਕ ਸਭਾ ਹਲਕਿਆਂ ਵਿਚ ਹਮਾਇਤ ਰੈਲੀਆਂ ਕਰਨ ਦੀ ਲੜੀ ਵਿੱਚ ਹੁਸ਼ਿਆਰਪੁਰ ਹਲਕੇ ਦੀ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਤਲਵਾੜਾ ਰੋਡ ਦਸੂਹਾ ਵਿਖੇ ਰੈਲੀ ਕੀਤੀ ਗਈ।

ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਤਹਿਸੀਲ ਸਕਤੱਰ ਚਰਨਜੀਤ ਸਿੰਘ ਭਿੰਡਰ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਹੁਣ ਤੱਕ 8 ਲੋਕ ਸਭਾ ਹਲਕਿਆਂ ਵਿਚ ਕਾਂਗਰਸ ਦੇ ਉਮੀਦਵਾਰਾ ਦੇ ਹੱਕ ਵਿੱਚ ਹਮਾਇਤੀ ਰੈਲੀਆਂ ਕੀਤੀਆ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਾਡੀ ਵਿਚਾਰਧਾਰਾ ਦਾ ਕਾਂਗਰਸ ਦੀ ਵਿਚਾਰਧਾਰਾ ਨਾਲੋਂ ਜਮਾਤੀ ਫ਼ਰਕ ਹੈ ਪਰ 2024 ਦੀਆਂ ਚੋਣਾਂ ਵਿੱਚ ਇਕ ਇਤਿਹਾਸਕ ਵਡਾ ਫਰਕ ਹੈ। ਇਹ ਚੋਣਾਂ 1950 ਵਿੱਚ ਬਾਬਾ ਸਾਹਿਬ ਅੰਬੇਡਕਰ ਵਲੋਂ ਸਥਾਪਤ ਕੀਤੇ ਸੰਵਿਧਾਨ ਨੂੰ ਭਾਜਪਾ ਅਤੇ ਆਰ ਐਸ ਐਸ ਦੇ ਫਾਸ਼ੀਵਾਦ ਤੋਂ ਬਚਾਉਣ ਲਈ ਲੜੀਆਂ ਜਾ ਰਹੀਆਂ ਹਨ ਜਿਸ ਕਾਰਨ ਕਾਂਗਰਸ ਦੀ ਹਮਾਇਤ ਕਰਨੀ ਦੇਸ ਦੇ ਵਡੇਰੇ ਹਿਤਾਂ ਵਿਚ ਹੈ।

ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਭਾਵੇਂ ਦੇਸ਼ ਦੀਆਂ ਕਮਿਊਨਿਸਟ ਧਿਰਾਂ ਸਾਹਮਣੇ ਫਾਸਿਸਟਾਂ ਨੂੰ ਹਰਾਉਣ ਦੀ ਪਹਿਲੀ ਜਿੰਮੇਵਾਰੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਦੇਸ ਦੀ ਕਮਿਊਨਿਸਟ ਲਹਿਰ ਨਾਲ ਜੁੜੀਆਂ ਕਈ ਧਿਰਾਂ ਅਤੇ ਜਥੇਬੰਦੀਆਂ ਵੋਟਾਂ ਦੇ ਸਿਧੇ, ਅਸਿੱਧੇ ਬਾਈਕਾਟ ਕਰਨ ਦੇ ਨਾਅਰੇ ਦੇ ਰਹੀਆਂ ਹਨ, ਜੋ ਨਾਹਰੇ ਨਾਂ ਚਾਹੁੰਦਿਆਂ ਹੋਇਆਂ ਵੀ ਭਾਜਪਾ ਦੇ ਹੱਕ ਵਿੱਚ ਭੁਗਤਣ ਯੋਗ ਹਨ। ਆਗੂਆਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਦਾ ਇਸ ਕ਼ਦਰ ਘਾਂਣ ਕਰ ਰਹੀ ਹੈ ਕਿ ਚੋਣਾਂ ਦੇ ਆਖਰੀ ਦੌਰ ਤੱਕ ਵੀ ਵਿਰੋਧੀ ਪਾਰਟੀਆਂ ਦੇ ਹਮਾਇਤੀਆਂ ਨੂੰ ਡਰਾਉਣ ਲਈ ਈ ਡੀ ਦੇ ਛਾਪੇ ਮਰਵਾ ਰਹੀ ਹੈ। ਇਸ ਸਮੇਂ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਕਾਂਗਰਸ ਨੂੰ ਦਿੱਤੀ ਹਮਾਇਤ ਤੇ ਖੁਸ਼ੀ ਜ਼ਾਹਰ ਕਰਦਿਆਂ ਲਿਬਰੇਸ਼ਨ ਦੀ ਟੀਮ ਦਾ ਧੰਨਵਾਦ ਕੀਤਾ।ਇਸ ਸਮੇਂ ਸ਼ਾਮ ਸਿੰਘ, ਰਘਬੀਰ ਸਿੰਘ, ਸ਼ੰਗਾਰਾ ਸਿੰਘ, ਗੁਰਪਿੰਦਰ ਸਿੰਘ ਚੀਮਾਂ, ਰੇਸ਼ਮ ਸਿੰਘ, ਬਲਜਿੰਦਰ ਸਿੰਘ, ਗੁਰਜਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਜੱਟ ਹਾਜ਼ਰ ਸਨ।


