ਮਾਨਸਾ , ਗੁਰਦਾਸਪੁਰ 11 ਫਰਵਰੀ (ਸਰਬਜੀਤ ਸਿੰਘ )- ਆਲ ਇੰਡੀਆ ਸਟੂਡੈਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਕੇਂਦਰੀ ਕਮੇਟੀ ਦੇ ਸੱਦੇ ਤੇ 7,8,9ਫਰਵਰੀ ਨੂੰ ਕ੍ਰਮਵਾਰ ਬਾਬਾ ਧਿਆਨ ਦਾਸ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਝੁਨੀਰ, ਗੁਰੂ ਨਾਨਕ ਕਾਲਜ ਬੁਢਲਾਡਾ,ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਅਤੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿਖੇ ਵਿਦਿਆਰਥੀ ਰਾਇਸ਼ੁਮਾਰੀ ਕਰਵਾਈ ਗਈ। ਅੱਜ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਵਿਦਿਆਰਥੀ ਰਾਇਸ਼ੁਮਾਰੀ ਦੇ ਨਤੀਜੇ ਐਲਾਨਣ ਲਈ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਮੋਦੀ ਸਰਕਾਰ ਨਵੀਂ ਸਿੱਖਿਆ ਨੀਤੀ ਦੇ ਤਹਿਤ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਦੇ ਰਾਹ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਰਾਇਸ਼ੁਮਾਰੀ ਦੌਰਾਨ ਕੁੱਲ 1681ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ 1500ਵਿਦਿਆਰਥੀਆਂ ਨੇ ਹਰ ਸਾਲ ਫ਼ੀਸਾਂ ਫੰਡਾਂ ਵਿੱਚ ਬੇਅਥਾਹ ਵਾਧੇ ਦੀ ਨੀਤੀ ਨੂੰ ਨਕਾਰਿਆ,1462ਵਿਦਿਆਰਥੀਆਂ ਨੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਹੋਸਟਲ ਤੇ ਸਕਾਲਰਸ਼ਿਪ ਦੇ ਲਈ ਲੋੜੀਂਦੇ ਪ੍ਰਬੰਧਾਂ ਨੂੰ ਨਾਕਾਫ਼ੀ ਦੱਸਿਆ,1502ਵਿਦਿਆਰਥੀਆਂ ਨੇ ਵਿਦਿਆਰਥੀਆਂ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ ਦੀ ਮੰਗ ਨੂੰ ਉਭਾਰਿਆ ਅਤੇ 1558ਵਿਦਿਆਰਥੀਆਂ ਨੇ ਮੋਦੀ ਸਰਕਾਰ ਵੱਲੋਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਝੂਠਾ ਕਰਾਰ ਦੇ ਕੇ ਰਾਇਸ਼ੁਮਾਰੀ ਵਿੱਚ ਆਪਣੀ ਰਾਇ ਦਰਜ਼ ਕਰਵਾਈ।ਇਸ ਮੌਕੇ ਆਇਸਾ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਿੱਖਿਆ ਨੂੰ ਲਗਾਤਾਰ ਮਹਿੰਗੀ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਲਗਾਤਾਰ ਘੱਟ ਕਰਨ ਦੀ ਨੀਤੀ ਤਹਿਤ ਦੇਸ਼ ਦੇ ਭਵਿੱਖ ਨੂੰ ਅਨਪੜ੍ਹਤਾ ਤੇ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕ ਰਹੀ ਹੈ।ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ 16 ਫਰਵਰੀ ਨੂੰ ਹੜਤਾਲ ਦਾ ਸੱਦਾ ਦੇ ਕੇ ਵਿਦਿਆਰਥੀਆਂ ਨੂੰ ਦੇਸ਼ ਵਿਆਪੀ ਅੰਦੋਲਨ ਨਾਲ ਜੁੜਨ ਦਾ ਸੱਦਾ ਦਿੱਤਾ।ਇਸ ਮੌਕੇ ਕੁਲਵੰਤ ਸਿੰਘ ਖੋਖਰ,ਗੁਰਪ੍ਰੀਤ ਸਿੰਘ ਹੀਰਕੇ,ਰਵਲੀਨ ਕੌਰ ਡੇਲੂਆਣਾ,ਸੁਖਪ੍ਰੀਤ ਕੌਰ ਰਮਦਿੱਤੇਵਾਲਾ,ਰੀਤੂ ਕੌਰ ਰਮਦਿੱਤੇਵਾਲਾ,ਅਰਸ਼ਦੀਪ ਸਿੰਘ ਖੋਖਰ,ਰਾਜਦੀਪ ਸਿੰਘ ਗੇਹਲੇ ਅਤੇ ਮਨਦੀਪ ਕੌਰ ਨੰਗਲ ਕਲਾਂ,ਗਗਨਦੀਪ ਸ਼ਰਮਾ,ਹਰਮਨਦੀਪ ਸਿੰਘ ਹਿੰਮਤਪੁਰਾ ਆਦਿ ਵੀ ਹਾਜ਼ਿਰ ਸਨ।


