ਲਿਬਰੇਸ਼ਨ ਵੱਲੋਂ ਸੁਖਪਾਲ ਖਹਿਰਾ ਨੂੰ ਮੁੜ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ

ਬਠਿੰਡਾ-ਮਾਨਸਾ

ਮਾਨ ਸਰਕਾਰ ਦੀ ਇਹ ਤਾਨਾਸ਼ਾਹੀ ਤੇ ਸਿਆਸੀ ਬਦਲਾ ਖੋਰੀ, ਅਪੋਜ਼ੀਸ਼ਨ ਏਕੇ ਨੂੰ ਤੋੜ ਕੇ ਬੀਜੇਪੀ ਦਾ ਰਾਹ ਪੱਧਰਾ ਕਰ ਰਹੀ ਹੈ

ਮਾਨਸਾ, ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)— ਮਾਨ ਸਰਕਾਰ ਦੇ ਤੇਜ਼ ਤਰਾਰ ਆਲੋਚਕ ਕਾਂਗਰਸ ਆਗੂ ਅਤੇ ਹਲਕਾ ਭੁਲੱਰ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਵਲੋਂ ਜ਼ਮਾਨਤ ਮਿਲਣ ‘ਤੇ ਮੌਕੇ ਉਤੇ ਘੜੇ ਇਕ ਹੋਰ ਪੁਲਸ ਕੇਸ ਵਿਚ ਗ੍ਰਿਫਤਾਰ ਕਰਨ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖ਼ਤ ਨਿੰਦਾ ਕਰਦਿਆਂ ਖਹਿਰਾ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਦੀਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਤਿੰਨ ਮਹੀਨੇ ਤੋਂ ਜੇਲ੍ਹ ਵਿਚ ਬੰਦ ਕਈ ਵਾਰ ਚੁਣੇ ਗਏ ਇਕ ਵਿਧਾਇਕ ਨੂੰ ਜੇਲ ਵਿਚ ਬੰਦ ਰੱਖਣ ਦੇ ਮਨੋਰਥ ਨਾਲ ਐਨ ਉਸ ਦੀ ਰਿਹਾਈ ਵਾਲੇ ਦਿਨ ਉਸ ਖਿਲਾਫ ਗਿਣ ਮਿਥ ਕੇ ਇਕ ਨਵਾਂ ਕੇਸ ਦਰਜ ਕਰਕੇ ਜੇਲ ਦੇ ਦਰਵਾਜ਼ੇ ਤੋਂ ਮੁੜ ਗਿਰਫ਼ਤਾਰ ਕਰਨਾ ਸਿਆਸੀ ਬਦਲੇ ਖੋਰੀ ਦੀ ਸਿਆਸਤ ਦਾ ਇਕ ਪ੍ਰਤੱਖ ਨਮੂਨਾ ਹੈ। ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਿੱਤ ਰੋਜ਼ ਸਿਆਸੀ ਬਦਲੇ ਖੋਰੀ ਤਹਿਤ ਅਪਣੇ ਵਜ਼ੀਰਾਂ ਤੇ ਵਿਧਾਇਕਾਂ ਖਿਲਾਫ ਛਾਪਾਮਾਰੀ, ਗ੍ਰਿਫਤਾਰੀਆਂ ਤੇ ਜੇਲਾਂ ਵਿਚ ਬੰਦ ਕਰਨ ਦੇ ਦੋਸ਼ ਲਾਉਂਦੇ ਹਨ, ਜਿੰਨਾਂ ਵਿਚ ਕੁਝ ਸਚਾਈ ਵੀ ਹੈ, ਪਰ ਅਪਣੀ ਸਰਕਾਰ ਹੇਠਲੇ ਦੇਸ਼ ਦੇ ਇਕੋ ਇਕ ਪੂਰਨ ਸੂਬੇ ਪੰਜਾਬ ਵਿਚ ਉਹ ਖੁਦ ਵੀ ਸਿਆਸੀ ਵਿਰੋਧੀਆਂ ਦੀ ਜਬਰਨ ਜ਼ੁਬਾਨ ਬੰਦੀ ਕਰਨ ਦੀ ਉਸੇ ਗੈਰ ਜਮਹੂਰੀ ਤੇ ਨੀਤੀ ਉਤੇ ਚੱਲ ਰਹੇ ਹਨ। ਜਿਸ ਕਰਕੇ ਮੋਦੀ ਸਰਕਾਰ ਖ਼ਿਲਾਫ਼ ਉਨਾਂ ਦੀ ਬਿਆਨਬਾਜ਼ੀ ਨੈਤਿਕਤਾ ਤੋਂ ਬੁਰੀ ਤਰ੍ਹਾਂ ਸੱਖਣੀ ਨਜ਼ਰ ਆਉਂਦੀ ਹੈ।
ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਅਖ਼ਬਾਰੀ ਖ਼ਬਰਾਂ ਮੁਤਾਬਿਕ ਕਰੀਬ ਢਾਈ ਮਹੀਨੇ ਪਹਿਲਾਂ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਦੇ ਪਰਿਵਾਰ ਨੂੰ ਦਿੱਤੀਆਂ ਧਮਕੀਆਂ ਬਾਰੇ ਕਪੂਰਥਲਾ ਪੁਲਸ ਕੋਈ ਐਫਆਈਆਰ, ਜਾਂਚ ਪੜਤਾਲ ਜਾਂ ਗ੍ਰਿਫਤਾਰੀ ਕਰਨ ਦੀ ਬਜਾਏ ਸੁੱਤੀ ਰਹਿੰਦੀ ਹੈ। ਫਿਲਮੀ ਕਹਾਣੀਆਂ ਵਾਂਗ ਉਹੀ ਪੁਲਸ ਖਹਿਰਾ ਦੀ ਰਿਹਾਈ ਵਾਲੇ ਦਿਨ ਅਚਾਨਕ ਸਵੇਰੇ ਜਾਗਦੀ ਹੈ ਅਤੇ ਕੇਸ ਦਰਜ ਕਰਕੇ ਨਾਭਾ ਜੇਲ ਪਹੁੰਚ ਕੇ ਤਿੰਨ ਮਹੀਨੇ ਤੋਂ ਬੰਦ ਖਹਿਰਾ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਨੂੰ ਅਜਿਹੇ ਘਟੀਆਂ ਨਾਟਕਾਂ ਲਈ ਨਹੀਂ, ਬਲਕਿ ਪੰਜਾਬ ਦੀ ਬੇਹਤਰੀ ਲਈ ਕੰਮ ਕਰਨ ਲਈ ਚੁਣਿਆ ਸੀ, ਪਰ ਉਨਾਂ ਦੀ ਮੋਦੀ ਤਰਜ਼ ਦੀ ਇਹ ਬਦਲਾ ਖੋਰੀ ਸਪਸ਼ਟ ਤੌਰ ‘ਤੇ ਅਪੋਜ਼ੀਸ਼ਨ ਦੀ ਬਣ ਰਹੀ ਏਕਤਾ ਨੂੰ ਤੋੜਨ ਅਤੇ ਪੰਜਾਬ ਉਤੇ ਬੀਜੇਪੀ ਦੇ ਕਬਜ਼ੇ ਦਾ ਰਾਹ ਪੱਧਰਾ ਕਰ ਰਹੀ ਹੈ।

Leave a Reply

Your email address will not be published. Required fields are marked *