ਮੰਗਾਂ ਸਬੰਧੀ ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ
ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ ਗਿਆ।
ਪ੍ਰੈਸ ਨਾਲ਼ ਗੱਲ ਕਰਦਿਆਂ ਸੀ ਐਚ ਓ ਜੁਆਇੰਟ ਕਮੇਟੀ ਦੇ ਆਗੂਆਂ ਡਾ ਸੁਨੀਲ ਤਰਗੋਟਰਾ ਅਤੇ ਡਾ ਰਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੀ ਐਚ ਓ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਇਕੱਠੇ ਹੋਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਅਤੇ ਮਾਣਯੋਗ ਸਿਵਲ ਸਰਜਨ ਜੀ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਨੇ। ਉਹਨਾਂ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਹੈਲਥ ਐਂਡ ਵੈਲਨੈਸ ਸੈਂਟਰਾਂ ਉਪੱਰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸੀ ਐਚ ਓ ਵਲੋਂ ਕਰੋਨਾ ਕਾਲ ਅਤੇ ਹੜ੍ਹਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ। ਪਰੰਤੂ ਵਿਭਾਗ ਵੱਲੋਂ ਪਿੱਛਲੇ ਲੰਮੇਂ ਸਮੇਂ ਤੋਂ ਉਹਨਾਂ ਨਾਲ ਵਧੀਕੀ ਕੀਤੀ ਜਾ ਰਹੀ ਹੈ। ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਉਹਨਾਂ ਨੂੰ 5000 ਰੁਪਏ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਯੂਨੀਅਨ ਵਲੋਂ ਮਾਣਯੋਗ ਸਿਹਤ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਵਾਰ ਮੀਟਿੰਗ ਕਰਕੇ ਜਾਣੂੰ ਕਰਵਾਇਆ ਗਿਆ ਪਰੰਤੂ ਇਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਉੱਲਟ ਸਾਡੇ ਟਾਰਗੇਟ ਵਿੱਚ ਬਦਲਾਅ ਕਰਕੇ, 2-2 ਟਾਰਗੇਟ ਜੋੜ ਕੇ ਇਕ ਬਣਾ ਦਿੱਤਾ ਗਿਆ ਅਤੇ ਸਾਡੇ ਕੰਮਾਂ ਨੂੰ ਹੋਰ ਔਖ਼ਾ ਕੀਤਾ ਜਾ ਰਿਹਾ ਹੈ ਅਤੇ ਸਾਰੇ ਕੰਮ ਆਨਲਾਈਨ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਦਕਿ ਆਨਲਾਈਨ ਕੰਮ ਕਰਨ ਲਈ ਨਾਂ ਤੇ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੋਈ ਇੰਟਰਨੈੱਟ ਦੀ ਫੈਸਿਲਟੀ ਹੈ ਅਤੇ ਨਾ ਹੀ ਕੋਈ ਕੰਪਿਊਟਰ ਆਪਰੇਟਰ ਦੀ ਭਰਤੀ ਕੀਤੀ ਗਈ ਹੈ। ਅਗਰ ਸੀ ਐਚ ਓ ਵਲੋਂ ਇਹ ਸਾਰੇ ਕੰਮ ਆਪਣੇ ਆਪ ਆਨਲਾਈਨ ਕੀਤੇ ਜਾਣ ਗੇ ਤਾਂ ਲੋਕਾਂ ਨੂੰ ਮਿਲ ਰਹੀਆਂ ਜਰੂਰੀ ਸਿਹਤ ਸਹੂਲਤਾਂ ਜਿਵੇ ਓ ਪੀ ਡੀ, ਗੈਰ ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ, ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਜਾਂਚ, ਵੱਖ ਵੱਖ ਪਿੰਡਾਂ ਵਿਚ ਲਗਾਏ ਜਾਂਦੇ ਮੈਡੀਕਲ ਜਾਂਚ ਕੈਂਪ ਆਦਿ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ ਕਿ ਸਟੇਟ ਯੂਨੀਅਨ ਵੱਲੋਂ ਉੱਚ ਅਧਿਕਾਰੀਆਂ ਨੂੰ ਇਹਨਾਂ ਮਸਲਿਆਂ ਦੇ ਹੱਲ ਲਈ ਮੀਟਿੰਗ ਦੇਣ ਲਈ ਪੱਤਰ ਵੀ ਭੇਜਿਆ ਗਿਆ ਸੀ ਅਤੇ ਪਰੰਤੂ ਵਿਭਾਗ ਵੱਲੋਂ ਉਸ ਦਾ ਵੀ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸੀ ਐਚ ਓ ਵਲੋਂ 26 ਦਸੰਬਰ ਤੋਂ ਸਾਰੇ ਆਨਲਾਈਨ ਕੰਮ ਬੰਦ ਕਰਕੇ ਆਪਣਾ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ ਅਤੇ 20 ਦਸੰਬਰ ਨੂੰ ਜ਼ਿਲ੍ਹਿਆਂ ਦੇ ਸਿਵਲ ਸਰਜਨ ਦਫ਼ਤਰ ਰਾਹੀਂ ਮੰਗ ਪਤਰ ਮਾਣਯੋਗ ਡਾਇਰੈਕਟ ਸਿਹਤ ਸੇਵਾਵਾਂ ਨੂੰ ਭੇਜਿਆ ਗਿਆ ਸੀ ਪਰੰਤੂ ਵਿਭਾਗ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਤੇ ਪੈ ਰਿਹਾ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ 9 ਜਨਵਰੀ ਨੂੰ ਚੰਡੀਗੜ੍ਹ ਸਿਹਤ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ ਜਿਸ ਦੀ ਨਿਰੋਲ਼ ਜਿੰਮੇਵਾਰੀ ਵਿਭਾਗ ਦੀ ਹੋਵੇਗੀ।
ਰੋਸ਼ ਪ੍ਰਦਰਸ਼ਨ ਕਰਦੇ ਹੋਏ ਕਰਮਚਾਰੀ